ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਯੂ.ਕੇ ਵਿਚ ਇੱਕ ਗੁਰਦੁਆਰਾ ਸਾਹਿਬ ਨੂੰ ਸ਼ਰਾਰਤੀ
ਅਨਸਰਾਂ ਵੱਲੋਂ ਅੱਗ ਲਗਾਏ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਅੱਜ ਸਿੱਖ ਪੂਰੀ ਦੁਨੀਆ ਵਿਚ ਵੱਸੇ ਹੋਏ ਹਨ ਅਤੇ ਉਹ ਜਿਥੇ ਵੀ ਰਹਿੰਦੇ ਹਨ, ਉਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਕੇ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਯੂ.ਕੇ ਦੀ ਸਰਕਾਰ ਨਾਲ ਗੱਲਬਾਤ ਕਰ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨੂੰ ਯਕੀਨੀ ਬਣਵਾਏ।ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਵੱਖ-ਵੱਖ ਦੇਸ਼ਾਂ ਦੀ ਤਰੱਕੀ ਵਿਚ ਅਹਿਮ ਹਿੱਸਾ ਪਾਉਣ ਵਾਲੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਨਾਲ-ਨਾਲ ਸਿੱਖਾਂ ’ਤੇ ਵੀ ਨਸਲੀ ਹਮਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਸਿੱਖ ਜਿਸ ਵੀ ਦੇਸ਼ ਵਿਚ ਰਹਿਣ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਉਥੋਂ ਦੀਆਂ ਸਰਕਾਰਾਂ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਯੂ.ਕੇ ਵਿਚ ਗੁਰਦੁਆਰਾ ਸਾਹਿਬ ਨੂੰ ਅੱਗ ਲਗਾਉਣ ਦੀ ਘਟਨਾ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕੀਤਾ ਜਾਵੇਗਾ ਅਤੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਸਜਾ ਦਿਵਾਉਣ ਲਈ ਆਖਿਆ ਜਾਵੇਗਾ।ਇਸ ਦੇ ਨਾਲ ਹੀ ਲੌਂਗੋਵਾਲ ਨੇ ਯੂ.ਕੇ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਉਥੇ ਦੀ ਸਰਕਾਰ ’ਤੇ ਦੋਸ਼ੀ ਲੋਕਾਂ ਵਿਰੁੱਧ ਕਾਰਵਾਈ ਲਈ ਦਬਾਅ ਬਣਾਉਣ।ਉਨਾਂ ਨੇ ਗੁਰਦੁਆਰਾ ਸਾਹਿਬ ਦੇ ਨਾਲ ਮਸਜਿਦ ਨੂੰ ਅੱਗ ਲਗਾਉਣ ਦੀ ਵੀ ਨਿੰਦਾ ਕੀਤੀ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media