Saturday, April 18, 2026

ਕੈਲਸ਼ੀਅਮ ਕਾਰਬਾਈਟ ਨਾਲ ਫਲ ਪਕਾਉਣ ਵਾਲਿਆਂ ਨੁੂੰ ਬਖਸ਼ਿਆ ਨਹੀਂ ਜਾਵੇਗਾ- ਡੀ.ਸੀ

ਸਰਕਾਰ ਅੰਮ੍ਰਿਤਸਰ ਵਿਖੇ ਲਗਾਏਗੀ ਰਾਇਪਨਿੰਗ ਚੈਂਬਰ

PPN1606201809ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਸਥਾਨਕ ਬੱਚਤ ਭਵਨ ਵਿਖੇ ਡਾਇਰੈਕਟਰ ਪੋਸਟ ਹਾਰਵੈਸਟ ਮੈਨੇਜਮੈਂਟ ਸੈਂਟਰ ਪੀ.ਏ.ਯੂ ਲੁਧਿਆਣਾ ਦੇ ਮਾਹਿਰ ਡਾਕਟਰ ਬੀ.ਐਮ ਮਹਾਜਨ ਵੱਲੋਂ ਫਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਪਕਾਉਣ ਲਈ ਫਲ ਵਿਕਰੇਤਾਵਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਗਈ।
     ਇਸ ਸੈਮੀਨਾਰ ਵਿਚ ਡਾ: ਮਹਾਜਨ ਵੱਲੋਂ ਕੇਲਾ, ਅੰਬ ਅਤੇ ਪਪੀਤੇ ਨੂੰ ਸੁਰੱਖਿਅਤ ਢੰਗ ਨਾਲ ਨੂੰ ਪਕਾਉਣ ਵਾਲੀਆਂ ਵਿਧੀਆਂ ਦੀ ਜਾਣਕਾਰੀ ਦਿੱਤੀ ਗਈ।ਡਾ: ਮਹਾਜਨ ਨੇ ਦੱਸਿਆ ਕਿ ਲੁਧਿਆਣਾ ਅਤੇ ਜਲੰਧਰ ਵਿਖੇ ਵੀ ਫਲਾਂ ਨੂੰ ਪਕਾਉਣ ਲਈ ਰਾਇਪਨਿੰਗ ਸੈਂਟਰ ਬਣੇ ਹੋਏ ਹਨ।ਇਨ੍ਹਾਂ ਰਾਇਪਨਿੰਗ ਸੈਂਟਰਾਂ ਵਿੱਚ ਫਲਾਂ ਨੂੰ ਪਕਾਉਣ ਨਾਲ ਕਿਸੇ ਕਿਸਮ ਦੀ ਕੋਈ ਵੀ ਨੁਕਸਾਨ ਨਹੀਂ ਹੁੰਦਾ, ਜਦ ਕਿ ਅਣਸੁਰੱਖਿਅਤ ਢੰਗ ਨਾਲ ਫਲ ਪਕਾਉਣ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਜਨਮ ਲੈਂਦੀਆਂ ਹਨ।ਉਨ੍ਹਾਂ ਨੇ ਇਸ ਮੌਕੇ ਉਥੇ ਹਾਜ਼ਰ ਫਲ ਵਿਕਰੇਤਾਵਾਂ ਨੂੰ ਫਲ ਪਕਾਉਣ ਦੇ ਢੰਗਾਂ ਦੀ ਵਧੀਆ ਪੇਸ਼ਕਾਰੀ ਵੀ ਵਿਖਾਈ।
     ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਫਲ ਵਿਕਰੇਤਾਵਾਂ ਨੂੰ ਕਿਹਾ ਕਿ ਸਰਕਾਰ ਵੀ ਜਲਦ ਅੰਮਿ੍ਰਤਸਰ ਵਿਖੇ ਰਾਇਪਨਿੰਗ ਚੈਂਬਰ ਲਗਾਵੇਗੀ।ਉਨ੍ਹਾਂ ਨੇ ਫਲ ਵਿਕਰੇਤਾਵਾਂ ਨੂੰ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਰਕਾਰ ਵੱਲੋਂ ਲੋਕਾਂ ਦੀ ਸਿਹਤ, ਵਾਤਾਵਰਣ ਸੁਧਾਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਕਿਸੇ ਨੂੰ ਵੀ ਕੈਲਸ਼ੀਅਮ ਕਾਰਬਾਈਟ ਨਾਲ ਫਲ ਪਕਾ ਕੇ ਵੇਚਣ ਦੀ ਆਗਿਆ ਨਹੀਂ ਹੋਵੇਗੀ ਅਤੇ ਜੋ ਵਿਕਰੇਤਾ ਕੈਲਸ਼ੀਅਮ ਕਾਰਬਾਈਟ ਨਾਲ ਫਲ ਪਕਾਉਣਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਸੰਘਾ ਨੇ ਕਿਹਾ ਕਿ ਸਾਰੇ ਫਲ ਵਿਕਰੇਤਾਵਾਂ ਨੂੰ ਰਾਇਪਨਿੰਗ ਚੈਂਬਰ ਲਗਾਉਣੇ ਚਾਹੀਦੇ ਹਨ।ਰਾਇਪਨਿੰਗ ਚੈਂਬਰਾਂ ਤੇ ਸਰਕਾਰ ਵੱਲੋਂ ਸਬਸਿਡੀ ਵੀ ਮੁਹੱਈਆ ਕਰਵਾਈ ਜਾਂਦੀ ਹੈ।ਉਨ੍ਹਾਂ ਨੇ ਫਲ ਵਿਕਰੇਤਵਾਂ ਨੂੰ ਭਰੋਸਾ ਦਿਵਾਇਆ ਕਿ ਜਿਹੜੇ ਵਿਕਰੇਤਾ ਚੈਂਬਰ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਬੈਂਕ ਤੋਂ ਕਰਜਾ ਦਿਵਾਉਣ ਲਈ ਵੀ ਮਦਦ ਕਰਨਗੇ।
     ਸੰਘਾ ਨੇ ਕਿਹਾ ਕਿ ਜਦ ਤੱਕ ਤੁਹਾਡੇ ਚੈਂਬਰ ਨਹੀਂ ਲੱਗ ਜਾਂਦੇ ਉਹ ਪਹਿਲਾਂ ਹੀ ਅੰਮ੍ਰਿਤਸਰ ਵਿਖੇ ਲੱਗੇ ਹੋਏ ਰਾਇਪਨਿੰਗ ਚੈਂਬਰਾਂ ਤੋਂ ਆਪਣੇ ਫਲ ਪਕਾ ਸਕਦੇ ਹਨ ਅਤੇ ਲੱਗੇ ਹੋਏ ਰਾਇਪਨਿੰਗ ਚੈਂਬਰਾਂ ਦੀ ਸਮਰਥਾ ਦਾ ਲਾਭ ਲੈ ਸਕਦੇ ਹਨ।ਇਸ ਮੌਕੇ ਮੰਡੀ ਬੋਰਡ ਵੱਲੋਂ ਵੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਫਲ ਵਿਕਰੇਤਾਵਾਂ, ਆੜਤੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਕੈਲਸ਼ੀਅਮ ਕਾਰਬਾਈਟ ਨਾਲ ਫਲਾਂ ਨੂੰ ਬਿਲਕੁਲ ਨਹੀਂ ਪਕਾਉਣਗੇ ਅਤੇ ਕੱਚਾ ਮਾਲ ਖਰੀਦ ਕੇ ਉਨ੍ਹਾਂ ਨੂੰ ਰਾਇਪਨਿੰਗ ਚੈਂਬਰਾਂ ਵਿੱਚ ਹੀ ਪਕਾਉਣਗੇ।
      ਇਸ ਸੈਮੀਨਾਰ ਵਿੱਚ ਜੀ.ਪੀ.ਐਸ ਰੰਧਾਵਾ ਜਨਰਲ ਮੈਨੇਜਰ ਪ੍ਰਾਜੈਕਟ ਪੰਜਾਬ ਮੰਡੀ ਬੋਰਡ, ਡਾ: ਗੁਰਸ਼ਰਨਜੀਤ ਸਿੰਘ ਛੀਨਾ ਡਿਪਟੀ ਡਾਇਰੈਕਟਰ ਬਾਗਬਾਨੀ, ਕੁਲਵੰਤ ਸਿੰਘ ਜਿਲ੍ਹਾ ਮੰਡੀ ਅਫਸਰ, ਡਾ. ਲਖਬੀਰ ਸਿੰਘ ਭਾਗੋਵਾਲੀਆ, ਜਿਲ੍ਹਾ ਸਿਹਤ ਅਫਸਰ, ਰਣਜੀਤ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਅਤੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਸੇਖੋਂ, ਸੁਰਿੰਦਰ ਬਿੰਦਰਾ ਜਨਰਲ ਸਕੱਤਰ, ਦੀਪਕ ਸਿੰਘ ਬਤਰਾ ਉਪ ਪ੍ਰਧਾਨ ਅਤੇ ਫਲ ਵਪਾਰ ਨਾਲ ਜੁੜੇ ਹੋਏ ਛੋਟੇ ਟਰੇਡਰ ਵੀ ਹਾਜਰ ਸਨ।  
–    – –

 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply