700 ਤੋਂ ਜ਼ਿਆਦਾ ਨੌਜੁਆਨਾਂ ਨੇ ਕਰਵਾਈ ਰਜਿਸਟ੍ਰੇਸ਼ਨ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਅਫ਼ੀਮ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਨਸ਼ੇ ਦੀ ਗ੍ਰਸਤ ਵਿਚ ਆ ਚੁੱਕੇ
ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਥਾਪਿਤ ਕੀਤੇ ਗਏ ਓਟ ਆਊਟ ਪੇਸ਼ੈਂਟ (ਓ.ਪੀ.ਡੀ ਅਸਿਸਟਿਡ ਟ੍ਰੀਟਮੈਂਟ) ਸੈਂਟਰ ਨਸ਼ਿਆਂ ਨੂੰ ਅਲਵਿਦਾ ਕਹਿਣ ਵਾਲਿਆਂ ਦਾ ਵੱਡਾ ਸਹਾਰਾ ਬਣ ਰਹੇ ਹਨ।ਅੰਮ੍ਰਿਤਸਰ ਦੇ 9 ਓਟ ਸੈਂਟਰਾਂ ਵਿੱਚ ਹੁਣ ਤੱਕ ਨਸ਼ਿਆਂ ਤੋਂ ਕਿਨਾਰਾ ਕਰਨ ਵਾਲੇ 700 ਤੋਂ ਵਧੇਰੇ ਨੌਜਵਾਨ ਰਜਿਸਟਰਡ ਹੋ ਕੇ ਇਲਾਜ ਕਰਵਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ੍ਹ ਵਿੱਚ 9 ਓਟ ਸੈਂਟਰ ਚੱਲ ਰਹੇ ਹਨ, ਜਿਥੇ ਮਰੀਜਾਂ ਨੂੰ ਸਵੇਰੇ 9 ਵਜੇ ਤੋਂ ਬਾ:ਦੁ: 3:00 ਵਜੇ ਤੱਕ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ਅਤੇ ਕਿਸੇ ਵੀ ਮਰੀਜ ਨੂੰ ਓਟ ਸੈਂਟਰ ਵਿਖੇ ਦਾਖਲ ਨਹੀਂ ਕੀਤਾ ਜਾਂਦਾ।ਮਰੀਜ ਓਟ ਸੈਂਟਰ ਤੋਂ ਰੋਜਾਨਾ ਆਪਣੀ ਦਵਾਈ ਖਾ ਕੇ ਇਕ ਆਮ ਆਦਮੀ ਦੀ ਤਰ੍ਹਾਂ ਆਪਣੇ ਕੰਮ-ਧੰਦੇ ਜਾ ਸਕਦਾ ਹੈ।ਇਹ ਦਵਾਈ ਮਰੀਜ਼ ਨੂੰ ਘਰ ਲੈ ਜਾਣ ਲਈ ਨਹੀਂ ਦਿੱਤੀ ਜਾਂਦੀ, ਬਲਕਿ ਡਾਕਟਰ ਮਰੀਜਾਂ ਨੂੰ ਆਪਣੇ ਸਾਹਮਣੇ ਦਵਾਈ ਖੁਆਉਂਦਾ ਹੈ।
ਓਟ ਸੈਂਟਰ ਦੇ ਮੁਖੀ ਡਾ: ਰਾਜੀਵ ਅਰੋੜਾ ਨੇ ਦੱਸਿਆ ਕਿ ਜਦੋਂ ਵੀ ਕੋਈ ਮਰੀਜ਼ ਉਨ੍ਹਾਂ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਕੌਂਸਲਿੰਗ ਕੀਤੀ ਜਾਂਦੀ ਹੈ।ਉਸ ਦਾ ਚੈੱਕ ਅਪ ਕਰਨ ਤੋਂ ਬਾਅਦ ਉਸ ਨੂੰ ਯੂਨੀਕ ਆਈ.ਡੀ. ਦੇ ਕੇ, ਮੋਰਫ਼ੀਨ ਕਿੱਟ ਨਾਲ ਟੈਸਟ ਕੀਤਾ ਜਾਂਦਾ ਹੈ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਨਸ਼ਾ ਕਰ ਰਿਹਾ ਹੈ। ਇਸ ਤੋ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।ਇਸ ਦੇ ਨਾਲ ਹੀ ਉਸ ਨੂੰ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਵਿਖੇ ਐਚ.ਆਈ.ਵੀ, ਹੈਪੇਟਾਈਟਸ-ਸੀ ਤੇ ਬੀ ਦੇ ਟੈਸਟ ਕਰਵਾਉਣ ਭੇਜ ਦਿੱਤਾ ਜਾਂਦਾ ਹੈ।ਜੇਕਰ ਇਨ੍ਹਾਂ ’ਚੋਂ ਕਿਸੇ ਵੀ ਟੈਸਟ ’ਚ ਉਹ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦਾ ਇਲਾਜ ਵੀ ਨਾਲ ਹੀ ਸ਼ੁਰੂ ਕਰਵਾਇਆ ਜਾਂਦਾ ਹੈ।ਡਾ. ਅਰੋੜਾ ਅਨੁਸਾਰ ਨਸ਼ਾ ਛੁਡਾਉਣ ਦੇ ਇਲਾਜ ਦੌਰਾਨ ਪਹਿਲੇ ਦਿਨ ਇੱਕ ਗੋਲੀ ਦਿੱਤੀ ਜਾਂਦੀ ਹੈ ਅਤੇ ਜੇਕਰ ਲੋੜ ਪਵੇ ਤਾਂ ਅਗਲੇ ਦੋ ਦਿਨ ਡੋਜ਼ ਵਧਾ ਕੇ ਦੇਖੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਦਵਾਈ ਦੀ ਮਿਕਦਾਰ ਸਬੰਧਤ ਵਿਅਕਤੀ ਦੇ ਨਸ਼ੇ ਦੀ ਮਾਤਰਾ ਦੇ ਸੇਵਨ ’ਤੇ ਨਿਰਭਰ ਕਰਦੀ ਹੈ।ਜੇਕਰ ਜ਼ਿਆਦਾ ਹੈ ਤਾਂ ਵੱਧ ਨਹੀਂ ਤਾਂ ਇੱਕ ਦਿਨ ’ਚ ਇੱਕ ਕਾਫ਼ੀ ਹੈ।
ਡਾ: ਅਰੋੜਾ ਨੇ ਦੱਸਿਆ ਕਿ ਮਰੀਜ ਦੀ ਦਵਾਈ ਦੀ ਮਿਕਦਾਰ ਨਿਸ਼ਚਿਤ ਕਰਨ ਉਪਰੰਤ ਉਸ ਨੂੰ ਆਪਣੇ ਘਰ ਦੇ ਨਜ਼ਦੀਕ ਪੈਂਦੇ ਓਟ ਸੈਂਟਰ ਤੋਂ ਹੀ ਦਵਾਈ ਲੈਣ ਲਈ ਕਿਹਾ ਜਾਂਦਾ ਹੈ, ਤਾਂ ਜੋ ਮਰੀਜ ਨੂੰ ਦੂਰ ਨਾ ਜਾਣਾ ਪਵੇ। ਉਨ੍ਹਾਂ ਦੱਸਿਆ ਕਿ ਇਲਾਜ ਲੈਣ ਵਾਲੇ ਵਿਅਕਤੀ ਨੂੰ ਦਿੱਤਾ ਜਾਂਦਾ ਯੂਨੀਕ ਆਈ.ਡੀ ਉਸ ਵੱਲੋਂ ਕਿਸੇ ਹੋਰ ਥਾਂ ਜਾਣ ਦੀ ਸੂਰਤ ਵਿੱਚ ਉਥੇ ਸਥਿਤ ਓਟ ਸੈਂਟਰ ਤੋਂ ਦਵਾਈ ਲੈਣ ਲਈ ਵਰਤਿਆ ਜਾ ਸਕਦਾ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media