ਪੰਜਾਬ ਆਨਲਾਈਨ ਰਜਿਸਟਰੀਆਂ ਕਰਨ ਵਾਲਾ ਪਹਿਲਾ ਸੂਬਾ ਬਣਿਆ
ਅੰਮ੍ਰਿਤਸਰ, 27 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿਚ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵੀਡੀਓ ਕਾਨਫਰੰਸ ਰਾਹੀਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਸਾਰੇ ਪੰਜਾਬ ਵਿਚ ਆਨਲਾਈਨ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਕਲਾਊਡ-ਬੇਸਡ ਐਨ.ਜੀ.ਡੀ.ਆਰ.ਐਸ (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਪ੍ਰਣਾਲੀ ਰਾਹੀਂ ਹੋਣ ਵਾਲੀਆਂ ਆਨਲਾਈਨ ਰਜਿਸਟਰੀਆਂ ਨਾਲ ਆਮ ਲੋਕਾਂ ਨੂੰ ਖੱਜ਼ਲ-ਖੁਆਰੀ ਅਤੇ ਦਫਤਰਾਂ ਦੇ ਵਾਧੂ ਚੱਕਰਾਂ ਤੋਂ ਨਿਜ਼ਾਤ ਮਿਲੇਗੀ।
ਦੱਸਣਯੋਗ ਹੈ ਕਿ ਇਹ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਮੋਗਾ ਅਤੇ ਆਦਮਪੁਰ ਤੋਂ ਕੀਤੀ ਸੀ।ਅੰਮ੍ਰਿਤਸਰ ਵਿਚ ਇਸ ਕੰਮ ਦੀ ਸ਼ੁਰੂਆਤ ਕਰਨ ਮਗਰੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਾਗਜ਼ ਮੁਕਤ ਅਤੇ ਲੋਕ ਪੱਖੀ ਇਸ ਪ੍ਰੋਜੈਕਟ ਦਾ ਲੋਕਾਂ ਨੂੰ ਫਾਇਦਾ ਮਿਲੇਗਾ ਅਤੇ ਇਸ ਨਾਲ ਪਾਰਦਰਸ਼ਤਾ ਆਵੇਗੀ।ਉਨਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਲਈ ਵੈਬਸਾਈਟ …. ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬਹੁਤ ਸਰਲ ਅਤੇ ਸੁਖਾਲੀ ਹੈ।ਇਸ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਲੋਕਾਂ ਨੂੰ ਚੌਵੀ ਘੰਟੇ ਰਜਿਸਟ੍ਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅੱਪਲੋਡ ਕਰਨ ਦੀ ਸਹੂਲਤ, ਆਟੋਮੈਟਿਕ ਸਟੈਂਪ ਡਿਊਟੀ ਕੈਲਕੂਲੇਟ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ ’ਤੇ ਅਧਾਰਿਤ ਰਜਿਸਟ੍ਰੇਸ਼ਨ ਫੀਸ ਅਤੇ ਹੋਰ ਫੀਸਾਂ ਦੀ ਜਾਣਕਾਰੀ ਤੋਂ ਇਲਾਵਾ ਵਸੀਕਾ ਨਵੀਸਾਂ ਉੱਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਿਲ ਹੈ।ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇੱਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਧੜੀ ਦਾ ਕੋਈ ਖਦਸ਼ਾ ਨਾ ਰਹੇ।ਇਸ ਪ੍ਰਣਾਲੀ ਰਾਹੀਂ ਮੁਲਾਕਾਤ ਲਈ ਆਨ-ਲਾਈਨ ਸਮਾਂ ਲੈਣ ਦੀ ਸੁਵਿਧਾ ਹੈ, ਜਿਸ ਨਾਲ ਲੋਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟ੍ਰੇਸ਼ਨ ਲਈ ਸਮਾਂ ਅਤੇ ਤਾਰੀਖ ਲੈ ਸਕਦੇ ਹਨ।
ਡੀਡ ਰਾਈਟਰਾਂ ਵਲੋਂ ਲਿਖੇ ਜਾਂਦੇ ਦਸਤਾਵੇਜ਼ਾਂ ਨੂੰ ਵੀ ਆਨ ਲਾਈਨ ਵੈਬਸਾਈਟ ’ਤੇ ਪਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਫਾਲਤੂ ਪੈਸਾ ਨਾ ਖਰਚਣਾ ਪਵੇ।ਅਜਿਹੇ 16 ਦਸਤਾਵੇਜ਼ਾਂ ਨੂੰ ਉਪਭੋਗਤਾ ਵੈਬਸਾਈਟ ਤੋਂ ਮੁਫਤ ਡਾਊਨਲੋਡ ਕਰ ਸਕਦਾ ਹੈ।ਇਨ੍ਹਾਂ ਦਸਤਾਵੇਜ਼ਾਂ ਵਿਚ ਮਨਸੂਖੀ ਵਸੀਅਤਨਾਮਾ, ਮਨਸੂਖੀ ਮੁਖਤਾਰਨਾਮਾ ਆਮ, ਹਿਬਾ/ ਦਾਨ ਪਾਤਰ ਨਾਮਾ, ਗਹਿਣੇ/ ਰਹਿਣ ਨਾਮਾ ਕਬਜ਼ਾ, ਇਕਰਾਰ ਨਾਮਾ, ਤਕਸੀਮ ਨਾਮਾ, ਸੋਧ ਰਜਿਸਟਰੀ ਨਾਮਾ, ਵਸੀਅਤ ਨਾਮਾ, ਵਿਕਰੀ ਨਾਮਾ ਗਹਿਣੇ ਅਧੀਨ/ ਬੈ ਬਕਾਇਦਗੀ ਰਹਿਣ, ਵਿਕਰੀ ਨਾਮਾ (ਗਹਿਣੇ ਦੇ ਹੱਕ), ਵਿਕਰੀ ਨਾਮਾ/ ਬੈ ਨਾਮਾ, ਤਬਾਦਲਾ ਨਾਮਾ, ਮੁਖਤਿਆਰ ਨਾਮਾ ਆਮ, ਪੱਟਾ /ਕਿਰਾਇਆ/ ਰੈਂਟ ਨਾਮਾ, ਗਹਿਣੇ ਨਾਮਾ ਬਿਲਾ ਕਬਜ਼ਾ ਅਤੇ ਗੋਦ ਨਾਮਾ ਪ੍ਰਮੁੱਖ ਹਨ।
Punjab Post Daily Online Newspaper & Print Media