ਗਲਪਕਾਰ ਕੰਵਲ ਦੀ ਜਨਮ ਸ਼ਤਾਬਦੀ ਮੌਕੇ ਢੁੱਡੀਕੇ `ਚ ਸਮਾਗਮ
ਢੁੱਡੀਕੇ, 27 ਜੂਨ (ਪੰਜਾਬ ਪੋਸਟ- ਲੋਹਟ) – ਸਾਹਿਤ ਕਲਾ ਦੇ ਮਹਾਰਥੀ ਯੁੱਗ ਪੁਰਸ਼, ਕਲਮ ਦੇ ਸ਼ਬਦੀ ਕਿਲੇ ਨਾਵਲਿਸਟ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਪਿੰਡ ਢੁੱਡੀਕੇ ਵਿਖੇ ਹੋਏ ਵਿਸ਼ਾਲ ਸਮਾਗਮ ਵਿਚ ਪੰਜਾਬ ਭਰ ਦੇ ਵੱਖ ਵੱਖ ਖਿੱਤਿਆਂ ਤੋਂ ਪਹੁੰਚੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੇ ਜਸਵੰਤ ਸਿੰਘ ਕੰਵਲ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ, ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਸਾਹਿਤ ਕਲਾ ਦੀਆਂ ਨਾਮੀ ਹਸਤੀਆਂ ਨੇ ਆਪਣੇ ਵਿਚਾਰਾਂ ਰਾਹੀਂ ਸ਼ਬਦਾਂ ਦੇ ਥੰਮ ਬਾਪੂ ਜਸਵੰਤ ਸਿੰਘ ਕੰਵਲ ਨੂੰ ਬੇਬਾਕ ਲੇਖਣੀ ਨਾਲ ਲੋਕ ਲਹਿਰਾਂ ਲਈ ਲੜਨ ਵਾਲਾ ਇਸ ਸਦੀ ਦਾ ਪਲੇਠਾ ਕਲਮਕਾਰ ਦੱਸਦਿਆਂ ਕਿਹਾ ਕਿ ਕੰਵਲ ਹੋਰਾਂ ਵਾਰਤਿਕ ਦੇ ਮਾਧਿਅਮ ਰਾਹੀਂ ਸ਼ਬਦਾਂ ਨੂੰ ਇਨਕਲਾਬੀ ਲੀਹਾਂ `ਤੇ ਤੋਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਕਵੀ ਤੇ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਜਸਵੰਤ ਸਿੰਘ ਕੰਵਲ ਦੀ ਸ਼ਖਸ਼ੀਅਤ ਦੇ ਗੁਣਾਤਮਕ ਪਹਿਲੂਆਂ `ਤੇ ਝਾਤ ਪਾਉਂਦਿਆਂ ਕਿਹਾ ਕਿ ਬਾਪੂ ਕੰਵਲ ਨੇ ਕਲਮ ਦੀ ਤਾਕਤ ਨੂੰ ਮਹਿਸੂਸ ਕਰਦਿਆਂ ਪੰਜਾਬ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ।ਉਨਾਂ ਬਾਪੂ ਕੰਵਲ ਨੂੰ ਇਸ ਸਦੀ ਦੇ ਮਹਾਨ ਪੰਜਾਬੀ ਗਲਪਕਾਰ ਦਾ ਦਰਜਾ ਦਿੰਦਿਆਂ ਕਿਹਾ ਕਿ ਬਾਪੂ ਕੰਵਲ ਦਾ ਨਾਂ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੇ ਪੰਜਾਬੀ ਸਾਹਿਤਕਾਰ ਵਜੋਂ ਪ੍ਰਵਾਨ ਕੀਤਾ ਗਿਆ ਹੈ, ਜਿੰਨਾਂ ਕਲਮ ਦੇ ਜੋਸ਼ ਨੂੰ ਸੌ ਸਾਲ ਵੀ ਮੱਠਾ ਨਹੀਂ ਪੈਣ ਦਿੱਤਾ।
ਆਰਟ ਕੌਸ਼ਲ ਪੰਜਾਬ ਦੇ ਚੇਅਰਮੈਨ ਅਤੇ ਕਵੀ ਡਾ. ਸੁਰਜੀਤ ਪਾਤਰ ਨੇ ਬਾਪੂ ਕੰਵਲ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਪੰਜਾਬੀ ਸਾਹਿਤ ਕਲਾ ਦੇ ਯੁੱਗ ਪੁਰਸ਼ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ ਦੀ ਮੁਬਾਰਕਬਾਦ ਭੇਂਟ ਕੀਤੀ।ਨਾਲ ਦੀ ਨਾਲ ਉਹਨਾਂ ਇਹ ਵੀ ਕਿਹਾ ਕਿ ਉਹ ਅੱਜ ਦੇ ਇਸ ਸਮਾਗਮ ਵਿਚ ਆਮ ਪੰਜਾਬੀ ਪੁੱਤਰ ਵਜੋਂ ਸ਼ਾਮਿਲ ਹੋਏ ਹਨ। ਡਾ਼ ਪਾਤਰ ਨੇ ਸ: ਕੰਵਲ ਨੂੰ ਲੋਕ ਪੱਖੀ ਸਾਹਿਤ ਦਾ ਬਾਬਾ ਬੋਹੜ ਆਖਦਿਆਂ ਕਿਹਾ ਕਿ ਕੰਵਲ ਨੇ ਲਿਖਤਾਂ ਵਿਚ ਟੁੱਟਦੀ ਕਿਸਾਨੀ ਅਤੇ ਪੰਜਾਬ ਦੀ ਰਾਜਨੀਤਕ ਸਥਿਰਤਾ ਦਾ ਖੂਬਸੂਰਤ ਢੰਗ ਨਾਲ ਚਿਤਰਨ ਕੀਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ਼ ਤੇਜਵੰਤ ਸਿੰਘ ਮਾਨ ਨੇ ਕੰਵਲ ਨੂੰ ਲੋਕ ਪੱਖੀ ਸਾਹਿਤ ਦਾ ਬਾਬਾ ਬੋਹੜ ਆਖਦਿਆਂ ਕਿਹਾ ਕਿ ਉਨਾਂ ਦੀ ਕਲਮ ਤਲਵਾਰ ਦੀ ਨੋਕ ਨਾਲੋਂ ਵਧੇਰੇ ਤਿੱਖੀ ਤੇ ਹਕੂਮਤਾਂ ਖਿਲਾਫ਼ ਨੰਗੇ ਧੜ ਲੜਣ ਦੀ ਸਮਰੱਥਾ ਰੱਖਦੀ ਹੈ।ਉਹਨਾਂ ਕੰਵਲ ਨੂੰ ਸਾਹਿਤ ਕਲਾ ਦਾ ਮਹਾਨ ਕਰਾਂਤੀਕਾਰੀ ਯੋਧਾ ਆਖਦਿਆਂ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਸਥਿਤੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪੱਖ ਤੋਂ ਪਤਲੀ ਪੈਂਦੀ ਨਜ਼ਰ ਆਉਂਦੀ ਹੈ।ਉਸ ਵੇਲੇ ਬਾਪੂ ਕੰਵਲ ਵਰਗੇ ਬੇਬਾਕ ਲੇਖਕਾਂ ਦੀ ਪੰਜਾਬ ਨੂੰ ਵੱਡੀ ਲੋੜ ਹੈ।ਇਸ ਦੌਰਾਨ ਬਲਦੇਵ ਸਿੰਘ ਸੜਕਨਾਮਾਂ ਨੇ ਆਪਣੇ ਸੰਬੋਧਨ `ਚ ਕਿਹਾ ਕਿ ਕੰਵਲ ਨੇ ਲਿਖਤਾਂ ਦੇ ਹੋਕੇ ਨਾਲ ਸੁੱਤੀ ਪੰਜਾਬੀਅਤ ਨੂੰ ਜਗਾਉਣ ਦਾ ਸ਼ਲਾਘਾਯੋਗ ਯਤਨ ਕੀਤਾ।ਉਨਾਂ ਕਿਹਾ ਕਿ ਕੰਵਲ ਦੁਆਰਾ ਗਲਪਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ। ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੰਵਲ ਦੀ ਸਾਹਿਤ ਸਿਰਜਣਾ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਕੰਵਲ ਦਾ ਅਰਥ ਹੈ ਪੰਜਾਬ ਲਈ ਤੜਫ਼।ਉਨਾਂ ਕਿਹਾ ਕਿ ਕੰਵਲ ਦੁਆਰਾ ਤੋਰੀ ਲਿਖਤਾਂ ਦੀ ਇਨਕਲਾਬੀ ਲਹਿਰ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਸਾਬਤ ਹੋਵੇਗੀ।ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਪੰਜਾਬੀ ਸਾਹਿਤ ਅਕਾਡਮੀ ਤਰਫੋਂ ਬਾਪੂ ਕੰਵਲ ਦੀ ਜਨਮ ਸ਼ਤਾਬਦੀ ਮੌਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਭੇਂਟ ਕਰਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਕੋਲ ਸ਼ਬਦਾਂ ਦਾ ਮਜ਼ਬੂਤ ਥੰਮ ਆਪਣੀ ਨਿਡਰ ਤੇ ਨਿਰਪੱਖ ਸੋਚ `ਤੇ ਅਡੋਲ ਖੜਾ ਦਿਖਾਈ ਦਿੰਦਾ ਹੈ।
ਲੋਕ ਸਭਾ ਮੈਬਰ ਪ੍ਰੋਫੈਸਰ ਸਾਧੂ ਸਿੰਘ ਨੇ ਕੰਵਲ ਦੀਆਂ ਲਿਖਤਾਂ ਨੂੰ ਲੋਕ ਪੱਖੀ ਦੱਸਦਿਆਂ ਕੰਵਲ ਨੂੰ ਲੋਕਾਂ ਦਾ ਹਰਮਨ ਪਿਆਰਾ ਲੇਖਕ ਦੱਸਿਆ।ਸਾਬਕਾ ਮੰਤਰੀ ਤੋਤਾ ਸਿੰਘ ਨੇ ਕੰਵਲ ਨੂੰ ਸ਼ਬਦਾਂ ਦੀ ਮੁਹਾਰਤ ਨਾਲ ਲੋਕ ਪੱਖੀ ਨਾਅਰਾ ਬੁਲੰਦ ਕਰਨ ਵਾਲਾ ਮਹਾਨ ਯੋਧਾ ਆਖਿਆ।ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਿਦਿਆਰਥੀ ਜੀਵਨ ਦੇ ਰੌਚਿਕ ਪਲਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਨੇ ਬਾਪੂ ਕੰਵਲ ਦੀਆਂ ਲਿਖਤਾਂ ਪੜ ਕੇ ਸਾਹਿਤਕ ਖੇਤਰ ਵਿਚ ਪੈਰ ਰੱਖਿਆ ਤੇ ਉਹ ਕੰਵਲ ਹੋਰਾਂ ਦੀਆਂ ਲਿਖਤਾਂ ਦੇ ਹਮੇਸ਼ਾਂ ਕਾਇਲ ਰਹੇ ਹਨ।
ਇਸ ਉਪਰੰਤ ਪੰਜਾਬ ਭਰ ਦੀਆਂ ਸਾਹਿਤ ਸਭਾਵਾਂ ਵਲੋਂ ਕੰਵਲ ਨੂੰ ਬੁੱਕੇ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸੰਧੂ ਵਰਿਆਣਵੀ, ਨਾਵਲਕਾਰ ਪਰਗਟ ਸਿੰਘ ਸਤੌਜ, ਨਾਟਕਕਾਰ ਬਲਬੀਰ ਬੱਲੀ ਸਮੇਤ ਅਨੇਕਾਂ ਸਾਹਿਤ ਅਤੇ ਕਲਾ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media