ਪਠਾਨਕੋਟ, 8 ਜੁਲਾਈ (ਪੰਜਾਬ ਪੋਸਟ ਬਿਊਰੋ) – ਮੱਛੀ ਪਾਲਣ ਦਾ ਧੰਦਾ ਚੰਗੀ ਖੁਰਾਕ, ਬੇਰੋਜਗਾਰਾਂ ਲਈ ਰੁਜਗਾਰ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਂਣ ਦਾ ਸਾਧਨ ਹੈ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨਾਲ ਅੱਜ ਜਿਲ੍ਹਾ ਪਠਾਨਕੋਟ ਵਿੱਚ ਵੀ ਬਹੁਤ ਸਾਰੇ ਕਿਸਾਨ ਮੱਛੀ ਪਾਲਣ ਦਾ ਧੰਦਾ ਅਪਣਾ ਕੇ ਵਧੇਰੇ ਮੁਨਾਫਾ ਕਮਾ ਰਹੇ ਹਨ। ਇਹ ਜਾਣਕਾਰੀ ਸ. ਗੁਰਿੰਦਰ ਸਿੰਘ ਰੰਧਾਵਾ ਸੀਨੀਅਰ ਮੱਛੀ ਪਾਲਣ ਅਫਸ਼ਰ ਪਠਾਨਕੋਟ ਨੇ ਦਿੱਤੀ।ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਅਤੇ ਖੇਤੀ ਮਾਹਿਰਾਂ ਦੀ ਰਾਏ ਹੈ ਕਿ ਉਪਰੋਕਤ ਦੋ ਫਸਲਾਂ ਦੇ ਨਾਲ ਧਰਤੀ ਤੇ ਪਾਣੀ ਦਾ ਪੱਧਰ ਹੋਰ ਹੇਠਾ ਜਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਕਿਸਾਨ ਮੱਛੀ ਪਾਲਣ ਧੰਦੇ ਨੂੰ ਅਪਣਾ ਕੇ ਵਧੇਰੇ ਮੁਨਾਫੇ ਦੇ ਨਾਲ ਨਾਲ ਪਾਣੀ ਦੇ ਹੇਠਾ ਜਾ ਰਹੇ ਪੱਧਰ ਨੂੰ ਵੀ ਬਚਾ ਸਕਦੇ ਹਨ।
ਸਰਕਾਰ ਵੱਲੋਂ ਹਯਾਤ ਨਗਰ ਵਿੱਚ ਬਣਾਇਆ ਗਿਆ ਹੈ ਟੇ੍ਰਨਿੰਗ ਸੈਂਟਰ ਮੱਛੀ ਪਾਲਣ ਅਧਿਕਾਰੀ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਹਯਾਤ ਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਨਵੇਂ ਕਿਸਾਨ ਅਤੇ ਬੇਰੋਜਗਾਰ ਨੋਜਵਾਨ ਜਿਨ੍ਹਾਂ ਨੇ ਮੱਛੀ ਪਾਲਣ ਧੰਦਾ ਸੁਰੂ ਕੀਤਾ ਹੈ ਜਾ ਕਰਨਾ ਹੈ ਉਨ੍ਹਾਂ ਨੂੰ ਇਸ ਧੰਦੇ ਵਿੱਚ ਵਧੇਰੇ ਮੁਨਾਫਾ ਕਮਾਉਂਣ ਲਈ ਅਤੇ ਸਹੀ ਢੰਗ ਨਾਲ ਮੱਛੀ ਪਾਲਣ ਧੰਦੇ ਨੂੰ ਅੱਗੇ ਵਧਾਉਂਣ ਲਈ 5 ਦਿਨਾਂ ਦੀ ਟੇ੍ਰਨਿੰਗ ਮੁਫਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਯਾਤਨਗਰ ਵਿਖੇ ਹੀ 16 ਏਕੜ ਰਕਬੇ ਵਿੱਚ ਮੱਛੀ ਪੂੰਗ ਫਾਰਮ ਸਥਾਪਿਤ ਕੀਤਾ ਗਿਆ ਹੈ। ਜਿਸ ਤੋਂ ਪਾਲਣ ਯੋਗ ਮੱਛੀਆ ਕਤਲਾ, ਰੋਹੂ, ਮਿਰਗਲ, ਗਰਾਸ ਕਾਰਪ ਦਾ ਮੱਛੀ ਪੁੰਗ ਕਿਸਾਨਾਂ ਨੂੰ ਸਬਸਿਡੀ ਤੇ ਸਪਲਾਈ ਕੀਤਾ ਜਾਂਦਾ ਹੈ।
ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਪੰਜਾਬ ਸਰਕਾਰ ਵੱਲੋਂ ਮੱਛੀ ਪਾਲਣ ਧੰਦੇ ਨੂੰ ਉਤਸਾਹਿਤ ਕਰਨ ਲਈ ਇਕ ਹੈਕਟਰ ਰਕਬੇ ਤੇ ਕਰੀਬ 4 ਲੱਖ ਰੁਪਏ ਲੋਨ ਦਿੱਤਾ ਜਾਂਦਾ ਹੈ ਅਤੇ ਇਕ ਰਕਬੇ ਤੇ 2 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਅਗਰ ਕੋਈ ਕਿਸਾਨ 1 ਕਿੱਲੇ ਅੰਦਰ ਨਵਾਂ ਮੱਛੀ ਪਾਲਨ ਪੋਂਡ ਲਗਾਉਂਦਾ ਹੈ ਤਾਂ ਉਪਰੋਕਤ ਸਬਸਿਡੀ ਦੇ ਅਧਾਰ ਤੇ ਕਰੀਬ 80 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।ਪੰਜਾਬ ਸਰਕਾਰ ਵੱਲੋਂ ਮੱਛੀ ਪਾਲਕ ਨੂੰ ਏਰੀਏਟਰ ਦੋ ਪੈਡਲ ਤੇ 18,000 ਰੁਪਏ ਸਬਸਿਡੀ ਅਤੇ ਚਾਰ ਪੈਡਲ ਵਾਲੇ ਏਰੀਏਟਰ ਤੇ 20,000 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਏਰੀਏਟਰ ਲਗਾਉਂਣ ਨਾਲ ਮੱਛੀ ਦੀ ਪੈਦਾਵਾਰ ਵਿੱਚ ਕਰੀਬ 20 ਫ੍ਰੀਸਦੀ ਇਜਾਫਾ ਹੁੰਦਾ ਹੈ।
ਪੰਚਾਇਤੀ ਜਮੀਨ 10 ਸਾਲ ਲਈ ਠੇਕੇ ਤੇ ਲੈ ਕੇ ਵੀ ਕੀਤਾ ਜਾ ਸਕਦਾ ਹੈ ਮੱਛੀ ਪਾਲਣ ਧੰਦਾ ਸੁਰੂ ਨਵਾਂ ਮੱਛੀ ਪਾਲਣ ਧੰਦਾ ਸੁਰੂ ਕਰਨ ਲਈ ਸਰਕਾਰ ਵੱਲੋਂ ਬਣਾਈਆਂ ਗਈਆਂ ਯੋਜਨਾਵਾਂ ਵਿੱਚੋਂ ਇਕ ਯੋਜਨਾ ਇਹ ਵੀ ਹੈ ਕਿ ਕੋਈ ਵੀ ਵਿਅਕਤੀ ਪੰਚਾਇਤੀ ਬੇਕਾਰ ਪਈ ਜਮੀਨ ਨੂੰ 10 ਸਾਲ ਲਈ ਠੇਕੇ ਤੇ ਲੈ ਕੇ ਮੱਛੀ ਪਾਲਣ ਦਾ ਕੰਮ ਸੁਰੂ ਕਰ ਸਕਦਾ ਹੈ ਅਤੇ ਇਸ ਤੇ ਵੀ ਪੰਜਾਬ ਸਰਕਾਰ ਵੱਲੋਂ 50 ਪ੍ਰਤੀਸਤ ਸਬਸਿਡੀ ਦਿੱਤੇ ਜਾਣ ਦੀ ਸਹੂਲਤ ਉਪਲੱਬਧ ਹੈ। ਪੰਜਾਬ ਸਰਕਾਰ ਵੱਲੋਂ ਘੱਟੋ ਘੱਟ ਇਕ ਏਕੜ ਵਿੱਚ ਬਣਾਏ ਹੋਏ ਪੋਂਡ ਦੇ ਲਈ ਪਾਣੀ ਦੀ ਸੁਵਿਧਾ ਦੇਣ ਦੇ ਲਈ ਪਹਿਲ ਦੇ ਆਧਾਰ ਤੇ ਏ.ਪੀ. ਕੁਨੈਕਸਨ ਮੱਛੀ ਪਾਲਣ ਵਿਭਾਗ ਵੱਲੋਂ ਦਵਾਇਆ ਜਾਂਦਾ ਹੈ।
ਜਿਲ੍ਹਾ ਪਠਾਨਕੋਟ ਦੇ ਕਈ ਕਿਸਾਨ ਕਮਾ ਰਹੇ ਹਨ ਵਧੇਰਾ ਮੁਨਾਫਾ-ਮੱਛੀ ਪਾਲਕ ਪਿੰਡ ਚੱਕ ਚਿਮਨਾ ਦੇ ਤਰਸੇਮ ਅਤੇ ਹਨੇੜ ਪਿੰਡ ਦੇ ਕਰਨ ਦਾ ਕਹਿਣਾ ਹੈ ਪੰਜਾਬ ਸਰਕਾਰ ਵੱਲੋਂ ਦਿੱਤੀ ਸਬਸਿਡੀ ਨਾਲ ਉਨ੍ਹਾਂ ਮੱਛੀ ਪਾਲਣ ਧੰਦਾ ਸੁਰੂ ਕੀਤਾ ਸੀ ਅਤੇ ਅੱਜ ਸਲਾਨਾਂ ਵਧੇਰੇ ਮੁਨਾਫਾ ਕਮਾ ਰਹੇ ਹਨ ਤੇ ਅਪਣਾ ਖੁਦ ਦਾ ਰੋਜਗਾਰ ਸਥਾਪਤ ਕਰ ਲਿਆ ਹੈ।
Punjab Post Daily Online Newspaper & Print Media