Tuesday, November 3, 2026

ਸੈਨਾ ਮੁਖੀ ਕੋਲ ਲੌਂਗੋਵਾਲ ਨੇ ਸਿੱਖ ਰੈਂਫਰੈਂਸ ਲਾਇਬ੍ਰੇਰੀ ਤੇ ਗੁ. ਪੱਥਰ ਸਾਹਿਬ ਲੇਹ ਲਦਾਖ ਦਾ ਮਾਮਲਾ ਉਠਾਇਆ

ਭਾਰਤੀ ਸੈਨਾ ਮੁਖੀ ਜਨਰਲ ਬਿਪਨ ਰਾਵਤ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

PPN0907201804ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਭਾਰਤੀ ਸੈਨਾ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਆਪਣੀ ਧਰਮ ਪਤਨੀ ਸਮੇਤ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ।ਜਨਰਲ ਰਾਵਤ ਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ, ਲੰਗਰ ਛਕਿਆ ਅਤੇ ਕੀਰਤਨ ਸਰਵਣ ਕੀਤਾ।ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੂਚਨਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਪਰਕਰਮਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਅਤੇ ਇਥੇ ਸਥਿਤ ਹੋਰ ਪਾਵਨ ਅਸਥਾਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ `ਜੀ ਆਇਆਂ` ਆਖਿਆ ਅਤੇ ਗੁਰੂ ਬਖ਼ਸ਼ਿਸ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।ਜਨਰਲ ਰਾਵਤ ਨੇ ਯਾਤਰੂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਦਰਜ਼ ਕਰਦਿਆਂ ਲਿਖਿਆ ਕਿ ਇਸ ਪਾਵਨ ਅਸਥਾਨ ’ਤੇ ਆ ਕੇ ਅਸ਼ੀਰਵਾਦ ਪ੍ਰਾਪਤ ਹੋਇਆ ਹੈ। ਉਨ੍ਹਾਂ ਸਿੱਖਾਂ ਦੀ ਤਾਰੀਫ਼ ਕਰਦਿਆਂ ਲਿਖਿਆ ਕਿ ਯੁੱਧ ਦੇ ਮੈਦਾਨ ਵਿਚ ਸਿੱਖਾਂ ਦੀ ਹਿੰਮਤ ਅਤੇ ਦਲ੍ਹੇਰੀ ਤੋਂ ਪੂਰੀ ਦੁਨੀਆਂ ਜਾਣੂ ਹੈ ਅਤੇ ਭਾਰਤੀ ਫ਼ੌਜ ਸਦਾ ਹੀ ਸਿੱਖ ਯੋਧਿਆਂ ਦਾ ਮਾਣ ਤੇ ਸਤਿਕਾਰ ਕਰਦੀ ਆਈ ਹੈ।
    ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਸੈਨਾ ਮੁਖੀ ਕੋਲ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ’ਤੇ ਕੀਤੇ ਗਏ ਫ਼ੋਜੀ ਹਮਲੇ ਸਮੇਂ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਉਠਾਏ ਗਏ ਖ਼ਜ਼ਾਨੇ ਦਾ ਮਾਮਲਾ ਵੀ ਉਠਾਇਆ। ਭਾਈ ਲੌਂਗੋਵਾਲ ਨੇ ਜਨਰਲ ਰਾਵਤ ਨੂੰ ਕਿਹਾ ਕਿ ਲਾਇਬ੍ਰੇਰੀ ਦਾ ਕੀਮਤੀ ਸਰਮਾਇਆ ਸ਼੍ਰੋਮਣੀ ਕਮੇਟੀ ਨੂੰ ਵਾਪਸ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਨਰਲ ਰਾਵਤ ਨੂੰ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਣ ਦੀ ਮੰਗ ਵੀ ਕੀਤੀ।ਇਸ ’ਤੇ ਬੇਸ਼ੱਕ ਜਨਰਲ ਰਾਵਤ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੇ ਕੀਮਤੀ ਖ਼ਜ਼ਾਨੇ ਬਾਰੇ ਅਗਿਆਨਤਾ ਪ੍ਰਗਟ ਕੀਤੀ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਦਾ ਪਤਾ ਲਗਾਉਣਗੇ।ਉਨ੍ਹਾਂ ਗੁਰਦੁਆਰਾ ਪੱਥਰ ਸਾਹਿਬ ਲੇਹ ਲਦਾਖ ਸਬੰਧੀ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ।
    ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਮੁਖਤਾਰ ਸਿੰਘ ਮੈਨੇਜਰ ਸਰਾਵਾਂ, ਦਰਸ਼ਨ ਸਿੰਘ ਲੌਂਗੋਵਾਲ ਪੀ.ਏ, ਜਸਵਿੰਦਰ ਸਿੰਘ ਜੱਸੀ ਤੇ ਅੰਮ੍ਰਿਤਪਾਲ ਸਿੰਘ ਸੂਚਨਾ ਅਧਿਕਾਰੀ ਅਤੇ ਹੋਰ ਮੌਜੂਦ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply