ਅੰਮ੍ਰਿਤਸਰ, ਸ਼ੈਰੀਡਨ (ਔਰੀਗਨ ਸਟੇਟ) 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨਾਂ ਤੋਂ ਅਮਰੀਕਾ ਦੀ ਔਰੀਗਨ ਸਟੇਟ ਦੀ ਸ਼ੈਰੀਡਨ ਜੇਲ੍ਹ ਵਿੱਚ ਨਜ਼ਰਬੰਦ 52 ਸਿੱਖ ਤੇ ਗੈਰ ਸਿੱਖ ਪੰਜਾਬੀਆਂ ਦੀ ਹੋ ਰਹੀ ਤਰਸਯੋਗ ਹਾਲਤ ਜਿੱਥੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉਥੇ ਇਨ੍ਹਾਂ 52 ਕੈਦੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਠੱਲ੍ਹ ਪਾਉਣ ਲਈ ਅਮਰੀਕਾ ਦੇ ਸਮੂਹ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅੱਗੇ ਆਉਣ ਦੀ ਲੋੜ ਹੈ।ਇਥੇ ਮਿਲੀ ਈਮੇਲ ਵਿੱਚ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਜਦੋਂ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਕਿ ਸ਼ੈਰੀਡਨ ਜੇਲ੍ਹ ਵਿੱਚ ਨਜ਼ਰਬੰਦ 52 ਸਿੱਖ ਤੇ ਗੈਰ-ਸਿੱਖ ਪੰਜਾਬੀਆਂ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਜਿਥੇ ਜ਼ਲੀਲ ਕੀਤਾ ਜਾ ਰਿਹਾ ਹੈ ਉਥੇ ਕਥਿੱਤ ਤੌਰ ’ਤੇ ਸਿੱਖ ਕੈਦੀਆਂ ਦੀ ਦਸਤਾਰ ਬਾਰੇ ਵੀ ਅਪਸ਼ਬਦ ਬੋਲੇ ਜਾ ਰਹੇ ਹਨ।ਚਾਹਲ ਨੇ ਕਿਹਾ ਕਿ ਇਨ੍ਹਾਂ ਨਜ਼ਰਬੰਦ ਸਿੱਖ ਕੈਦੀਆਂ ਦੇ ਨਾਲ ਜੇਲ੍ਹ ਦੇ ਕਾਇਦੇ-ਕਾਨੂੰਨ ਅਨੁਸਾਰ ਹੀ ਮਨੁੱਖੀ ਵਰਤਾਉ ਕੀਤਾ ਜਾਣਾ ਚਾਹੀਦਾ ਹੇ ਤਾਂ ਕਿ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰਾਂ ਦੇ ਰਖਵਾਲੇ ਵਜੋਂ ਜਾਣੇ ਜਾਂਦੇ ਸੰਯੁਕਤ ਰਾਜ ਅਮਰੀਕਾ ਦੇ ਦਾਅਵੇ ਨੂੰ ਕੋਈ ਠੇਸ ਨਾ ਪਹੁੰਚ ਸਕੇ।ਚਾਹਲ ਨੇ ਦੱਸਿਆ ਕਿ ਉਹ ਇਸ ਸਬੰਧੀ ਜਲਦੀ ਹੀ ਜੇਲ੍ਹ ਅਧਿਕਾਰੀਆਂ ਨੂੰ ਮਿਲ ਕੇ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਉਠਾਉਣਗੇ।ਇਸ ਸਬੰਧੀ ਉਨ੍ਹਾਂ ਨੇ ਅਮਰੀਕਾ ਦੇ ਇੰਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੇ ਸਬੰਧਤ ਅਧਿਕਾਰੀਆਂ ਤੋਂ ਮੁਲਾਕਾਤ ਦਾ ਸਮਾਂ ਮੰਗਣ ਲਈ ਪੱਤਰ ਵੀ ਲਿਖਿਆ ਹੈ।ਉਨ੍ਹਾਂ ਮੰਗ ਕੀਤੀ ਕਿ ਜੇਲ੍ਹ ਵਿੱਚ ਨਜ਼ਰਬੰਦ ਕਿਸੇ ਵੀ ਸਿੱਖ ਕੈਦੀ ਨਾਲ ਜੇਲ੍ਹ ਅਧਿਕਾਰੀਆਂ ਵੱਲੋਂ ਕਿਸੇ ਵੀ ਕਿਸਮ ਦਾ ਅਣਮਨੁੱਖੀ ਤੇ ਗੈਰ ਕਾਨੂੰਨੀ ਵਰਤਾਉ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਸਪੱਸ਼ਟ ਕੀਤਾ ਕਿ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਕੈਦੀਆਂ ਉਪਰ ਹੋ ਰਹੇ ਕਥਿਤ ਭੈੜੇ ਵਰਤਾਉ ਦੇ ਕਾਰਨ ਜੇਕਰ ਕਿਸੇ ਵੀ ਸਿੱਖ ਕੈਦੀ ਦਾ ਕੋਈ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਕੰਮ ਲਈ ਜੇਲ੍ਹ ਦੇ ਸਬੰਧਤ ਅਧਿਕਾਰੀ ਵੀ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਕਾਨੂੰਨ ਦੇ ਮੁਤਾਬਕ ਹੀ ਇਨ੍ਹਾਂ ਸਿੱਖ ਕੈਦੀਆਂ ਦੇ ਕੇਸਾਂ ਉਪਰ ਵਿਚਾਰ ਕੀਤਾ ਜਾਵੇ, ਤਾਂ ਜੋ ਕਿਸੇ ਵੀ ਸਿੱਖ ਕੈਦੀ ਨਾਲ ਕਿਸੇ ਕਿਸਮ ਦਾ ਵਿਤਕਰਾ ਜਾਂ ਬੇਇਨਸਾਫ਼ੀ ਨਾ ਹੋ ਸਕੇ।ਚਾਹਲ ਨੇ ਕਿਹਾ ਕਿ ਜੇ ਕੋਈ ਸਿੱਖ ਕੈਦੀ ਅਮਰੀਕਾ ਅੰਦਰ ਸਿਆਸੀ ਸ਼ਰਨ ਲੈਣ ਲਈ ਬਿਨੈ-ਪੱਤਰ ਦਿੰਦਾ ਹੈ ਤਾਂ ਉਸਦੇ ਕੇਸ ਨੂੰ ਮੈਰਿਟ ਦੇ ਆਧਾਰ ’ਤੇ ਵਿਚਾਰਿਆ ਜਾਵੇ।
Punjab Post Daily Online Newspaper & Print Media