ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਹੈਂਡੀਕੈਪਡ ਵਿਅਕਤੀਆਂ ਦੀਆਂ ਲੰਬੇ ਸਮੇਂ ਲਟਕਦੀਆਂ ਆ ਰਹੀਆਂ ਮੁਸ਼ਕਲਾਂ ਅਤੇ ਹੱਕੀ ਮੰਗਾਂ ਨੂੰ ਹੱਲ
ਕਰਨ ਪ੍ਰਤੀ ਪੰਜਾਬ ਸਰਕਾਰ ਵੱਲੋਂ ਅਪਣਾਈ ਜਾ ਰਹੀ ਲਾਰਾ ਲਾਉ ਨੀਤੀ ਵਿਰੁੱਧ ਫ਼ਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਦੀ ਜ਼ਿਲ੍ਹਾ ਮਾਨਸਾ ਇਕਾਈ ਦੀ ਅਗਵਾਈ ਅਧੀਨ ਜ਼ਿਲੇ ਦੇ ਵੱਖ ਵੱਖ ਪਿੰਡਾਂ ਦੇ ਇਕੱਤਰ ਹੋਏ ਹੈਂਡੀਕੈਪਡ ਨੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਅਤੇ ਸਰਕਾਰ ਵਿਰੁੱਧ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜੀ ਕੀਤੀ।
ਇਸ ਤੋਂ ਪਹਿਲਾਂ ਸਥਾਨਕ ਬਾਬਾ ਭਾਈ ਗੁਰਦਾਸ ਧਰਮਸ਼ਾਲਾ ਵਿਖੇ ਇਕੱਤਰ ਹੋਏ ਹੈਂਡੀਕੈਪਡ ਨੇ ਆਪਣੀਆਂ ਦਰਪੇਸ਼ ਮੁਸ਼ਕਲਾਂ ਅਤੇ ਹੱਕੀ ਮੰਗਾਂ ਪ੍ਰਤੀ ਵਿਚਾਰ ਚਰਚਾ ਕੀਤੀ।ਇਸ ਦੌਰਾਨ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਹੈਂਡੀਕੈਪ ਕੋਟੇ ਅਧੀਨ ਬੈਕਲਾਗ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ, ਪੈਨਸ਼ਨ ਦੀ ਰਾਸ਼ੀ ਵਧਾ 2500 ਰੁਪਏ ਕਰਨ ਸਮੇਤ ਉਨ੍ਹਾਂ ਦੇ ਜੀਵਨ ਲਈ ਲੋੜੀਦੀਆਂ ਮੁਢਲੀਆਂ ਸਹੂਲਤਾਂ ਪਹਿਲ ਦੇ ਅਧਾਰ `ਤੇ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਪੂਰਾ ਕਰਨ ਲਈ ਪੰਜਾਬ ਸਰਕਾਰ ਲਾਰਾ ਲਾਉ ਨੀਤੀ ਅਪਣਾ ਰਹੀ ਹੈ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਨ੍ਹਾਂ ਸਮੁੱਚੇ ਹੈਂਡੀਕੈਪਡ ਨੂੰ ਹਰ ਪੱਧਰ `ਤੇ ਹੋ ਰਹੀਆਂ ਧੱਕੇਸ਼ਾਹੀਆਂ, ਵਧੀਕੀਆਂ ਅਤੇ ਬੇਇਨਸਾਫੀਆਂ ਦਾ ਐਸੋਸੀਏਸ਼ਨ ਦੇ ਬੈਨਰ ਅਧੀਨ ਇਕਜੁੱਟ ਹੋ ਕੇ ਟਾਕਰਾ ਕਰਨ ਦਾ ਸੱਦਾ ਦਿੱਤਾ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ 1 ਅਗਸਤ ਨੂੰ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ, ਜ਼ਿਲ੍ਹਾ ਰੋਜਗਾਰ, ਜਨਰੇਸ਼ਨ ਅਤੇ ਟ੍ਰੇਨਿੰਗ ਦਫ਼ਤਰ ਮਾਨਸਾ ਵਿਖੇ ਤਾਇਨਾਤ ਇੱਕ ਹੈਂਡੀਕੈਪ ਕਲਰਕ ਨਵਦੀਪ ਸਿੰਘ ਦੀ ਲੁਧਿਆਣਾ ਵਿਖੇ ਕੀਤੀ ਬਦਲੀ ਨੂੰ ਰੱਦ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਅਜੇ ਵੀ ਸਰਕਾਰ ਨੇ ਅੰਗਹੀਣ ਮਸਲਿਆਂ ਦਾ ਹੱਲ ਕਰਨ ਵਿੱਚ ਦੇਰੀ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ੱ ਇਸ ਮੌਕੇ ਅਵਿਨਾਸ਼ ਸ਼ਰਮਾ, ਵੀਰ ਸਿੰਘ, ਜ਼ਸਦੇਵ ਸ਼ਰਮਾ, ਗੁਰਸੇਵਕ ਸਿੰਘ, ਸੁਖਜੀਤ ਸਿੰਘ, ਲਾਭ ਸਿੰਘ, ਜੋਤੀ ਸ਼ਰਮਾ, ਨਵਨੀਤ ਕੌਰ, ਸੁਨੀਤਾ ਰਾਣੀ, ਗਮਦੂਰ ਸਿੰਘ, ਬਲਵਿੰਦਰ ਸਿੰਘ, ਸਮਰਜੀਤ ਸਿੰਘ, ਸੁਖਵਿੰਦਰ ਸਿੰਘ, ਬਿੰਦਰ ਸਿੰਘ, ਲਾਭ ਰਾਏਪੁਰ, ਜਗਜੀਤ ਸਿੰਘ, ਅਸੀਮ ਕੁਮਾਰ, ਬੂਟਾ ਸਿੰਘ ਅਤੇ ਸੁਰਿੰਦਰ ਕੁਮਾਰ ਮੌਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media