Thursday, April 23, 2026

ਸਵੱਛਤਾ ਸਰਵੇਖਣ ਗ੍ਰਾਮੀਣ 2018 ਲਈ ਜ਼ਿਲ੍ਹਾ ਮਾਨਸਾ ਪੱਬਾਂ ਭਾਰ

ਡੀ.ਸੀ ਵਲੋਂ ਅਧਿਕਾਰੀਆਂ ਨੂੰ ਜੀਵਨ ਸੁਧਾਰ ਲਈ ਤੈਅਸ਼ੁਦਾ ਮਾਪਦੰਡ ਯਕੀਨੀ ਬਣਾਉਣ ਦੇ ਨਿਰਦੇਸ਼
ਭੀਖੀ, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਵੱਛਤਾ ਸਰਵੇਖਣ ਗ੍ਰਾਮੀਣ-2018 ਤਹਿਤ 1 ਤੋਂ 31 ਅਗਸਤ, 2018 ਤੱਕ ਪਹਿਲੀ ਵਾਰ ਦੇਸ਼ ਦੇ ਸਾਰੇ ਜ਼ਿਲ੍ਹਿਆਂ ਦੀ ਸਵੱਛਤਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਇਸ ਦੌਰਾਨ ਭਾਰਤ ਸਰਕਾਰ ਦੀ ਟੀਮ ਵੱਲੋਂ ਸੂਬੇ ਦੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ ਦੇ ਨਿਰੀਖਣ ਉਪਰੰਤ ਸਭ ਤੋਂ ਸਵੱਛ ਪਿੰਡ ਚੁਣੇ ਜਾਣਗੇ।ਇਸ ਲਈ ਸਾਨੂੰ ਆਪਣੇ ਪਿੰਡ, ਜ਼ਿਲ੍ਹੇ ਅਤੇ ਸੂਬੇ ਦੀ ਸਵੱਛਤਾ ਮੁਹਿੰਮ ਵਿੱਚ ਯੋਗਦਾਨ ਪਾ ਕੇ ਉਸ ਨੂੰ ਦੇਸ਼ ਭਰ ਵਿੱਚ ਨੰਬਰ 1 ਬਣਾਉਣ ਦੇ ਸੁਨਹਿਰੀ ਮੌਕੇ ਦਾ ਲਾਭ ਉਠਾਉਣਾ ਚਾਹੀਦਾ ਹੈ।
        ਮਾਨਸਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਅਤੇ ਅਧਿਕਾਰੀਆਂ ਨੂੰ ਇਹ ਅਪੀਲ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਰਵੇਖਣ ਦੇ ਐਕਸ਼ਨ ਪਲਾਨ ਸਬੰਧੀ ਰੱਖੀ ਮੀਟਿੰਗ ਦੌਰਾਨ ਕੀਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਜੀਵਨ ਸੁਧਾਰ ਦੀ ਹਰ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਂਦਾ ਹੈ।ਪਿਛਲੇ ਦਿਨੀਂ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਵੱਖ-ਵੱਖ ਦੌੜਾਂ ਕਰਵਾ ਕੇ ਮਾਨਸਾ ਨੇ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਹੈ।ਹੁਣ ਸਰਕਾਰ ਦੇ ਗਿਣਨਾਤਮਕ ਅਤੇ ਗੁਣਵੱਤਾ ਦੇ ਆਧਾਰ `ਤੇ ਚਲਾਏ ਜਾਣ ਵਾਲੇ ਸਵੱਛਤਾ ਸਰਵੇਖਣ ਵਿੱਚ ਵੀ ਜ਼ਿਲ੍ਹਾ ਵੱਧ ਚੜ੍ਹ ਕੇ ਆਪਣੀ ਭੂਮਿਕਾ ਨਿਭਾਵੇਗਾ ਅਤੇ ਇੱਕ ਵੱਖਰੀ ਪਛਾਣ ਕਾਇਮ ਕਰੇਗਾ।
        ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਤੈਅ ਮਾਪਦੰਡਾਂ ਨੂੰ ਹਰ ਹੀਲੇ ਲਾਗੂ ਕਰਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਸਮਾਜ ਭਲਾਈ ਕਾਰਜ ਵਿੱਚ ਸ਼ਾਮਲ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਰੋਜ਼ਾਨਾ ਦੀ ਪ੍ਰਗਤੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਹੋ ਰਹੇ ਸਫ਼ਾਈ ਕਾਰਜਾਂ `ਤੇ ਨਿਰੰਤਰ ਨਜ਼ਰ ਰੱਖੀ ਜਾ ਸਕੇ।ਉਨ੍ਹਾਂ ਅਧਿਕਾਰੀਆਂ ਨੂੰ ਕੰਮਾਂ ਦੀ ਨਿਗਰਾਨੀ ਰੱਖਣ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਕਰਾਉਣ ਲਈ ਨੋਡਲ ਅਫ਼ਸਰ ਤੈਨਾਤ ਕਰਨ ਦੇ ਵੀ ਨਿਰਦੇਸ਼ ਦਿੱਤੇ।ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਸਪਤਾਲਾਂ ਤੇ ਡਿਸਪੈਂਸਰੀਆਂ ਵਿੱਚ ਬਾਇਓ ਮੈਡੀਕਲ ਵੇਸਟ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਸਿਹਤ ਸਬੰਧੀ ਮਾਪਦੰਡਾਂ ਦੀ ਪਾਲਣਾ ਅਤੇ ਲਾਗੂਕਰਨ ਹਰ ਹੀਲੇ ਯਕੀਨੀ ਬਣਾਇਆ ਜਾਵੇ।ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ, ਆਂਗਨਵਾੜੀ ਕੇਂਦਰਾਂ ਦੀ ਰੋਜ਼ਾਨਾ ਸਾਫ਼-ਸਫ਼ਾਈ ਦੇ ਨਿਰਦੇਸ਼ ਦਿੱਤੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲਾਏ ਜਾ ਰਹੇ ਬੂਟਿਆਂ ਪ੍ਰਤੀ ਸਾਡਾ ਫ਼ਰਜ਼ ਬਣਦਾ ਹੈ ਕਿ ਇਨ੍ਹਾਂ ਦੀ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਫ਼ਾਈ ਮਾਪਦੰਡਾਂ `ਤੇ ਖ਼ਰੇ ਉਤਰਨ ਵਾਲੇ ਪਿੰਡ, ਸਕੂਲ, ਆਂਗਨਵਾੜੀ ਤੇ ਸਿਹਤ ਕੇਂਦਰ ਅਤੇ ਸਵੱਛਤਾ ਚੈਂਪੀਅਨਾਂ ਲਈ ਵਿਸ਼ੇਸ ਵਿੱਤੀ ਸਨਮਾਨਾਂ ਦੀ ਘੋਸ਼ਣਾ ਕੀਤੀ ਗਈ ਹੈ ਅਤੇ ਜੇਤੂ ਰਹਿਣ ਵਾਲਿਆਂ ਨੂੰ 2 ਅਕਤੂਬਰ, 2018 ਨੂੰ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਸਰਕਾਰ ਵੱਲੋਂ ਸਵੱਛ ਮੋਬਾਈਲ ਐਪਲੀਕੇਸ਼ਨ ਚਲਾਈ ਜਾਵੇਗੀ ਜਿਸ ਨੂੰ ਨਾਗਰਿਕ ਡਾਊਨਲੋਡ ਕਰਕੇ ਆਪਣੇ ਪਿੰਡ ਦੀਆਂ ਸਮੱਸਿਆਵਾਂ, ਉਪਲਬਧੀਆਂ ਅਤੇ ਗਤੀਵਿਧੀਆਂ ਨੂੰ ਤਸਵੀਰਾਂ ਸਮੇਤ ਰਜਿਸਟਰ ਕਰਕੇ ਆਪਣੀ ਫ਼ੀਡਬੈਕ ਦੇ ਸਕਦੇ ਹਨ।
        ਉਨ੍ਹਾਂ ਦੱਸਿਆ ਕਿ ਸਵੱਛ ਪਿੰਡ ਦੀ ਰੈਕਿੰਗ ਵਿਆਪਕ ਮਾਪਦੰਡਾਂ ਜਿਵੇਂ ਸਕੂਲ, ਆਂਗਨਵਾੜੀ ਕੇਂਦਰਾਂ, ਸਿਹਤ ਕੇਂਦਰਾਂ, ਬਾਜ਼ਾਰਾਂ, ਪੰਚਾਇਤਾ, ਧਾਰਮਿਕ ਅਸਥਾਨਾਂ, ਜ਼ਿਲ੍ਹਾ ਪੱਧਰੀ ਜਨਤਕ ਥਾਂਵਾਂ ਤੇ ਸਫ਼ਾਈ ਤੇ ਬੁਨਿਆਦੀ ਵਿਕਾਸ ਪ੍ਰਤੀ ਨਾਗਰਿਕਾਂ ਦੇ ਸੁਝਾਵਾਂ `ਤੇ ਆਧਾਰਤ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਵਾਰ ਦੇ ਸਰਵੇਖਣ ਦੀ ਖ਼ਾਸ ਗੱਲ ਇਹ ਰਹੇਗੀ ਕਿ ਨਾਗਰਿਕ ਸਫ਼ਾਈ ਮੁਹਿੰਮ `ਤੇ ਆਪਣੀ ਫ਼ੀਡਬੈਕ ਦੇ ਸਕਣਗੇ ਅਤੇ ਇਸ ਤਰ੍ਹਾਂ ਲੋਕਾਂ ਦੀ ਸ਼ਮੂਲੀਅਤ ਨਾਲ ਪੰਜਾਬ ਨੂੰ ਸਵੱਛ ਅਤੇ ਤੰਦਰੁਸਤ ਸੂਬਾ ਬਣਾਉਣ ਦਾ ਟੀਚਾ ਹਾਸਲ ਕੀਤਾ ਜਾਵੇਗਾ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਅਤੇ ਸਹਾਇਕ ਕਮਿਸ਼ਨਰ (ਜ) ਓਮ ਪ੍ਰਕਾਸ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply