ਅੰਮ੍ਰਿਤਸਰ/ ਦਿੱਲੀ, 3 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸੰਸਦ ਵਿੱਚ ਪੰਜਾਬੀ ਜ਼ੁਬਾਨ ਵਿੱਚ ਗਰਜਦਿਆਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅਤੇ ਇਥੋਂ ਚੱਲਦੀਆਂ ਰੇਲਗੱਡੀਆਂ ਦੀ ਬਦਤਰ ਹਾਲਤ ਤੋਂ ਸੰਸਦ ਨੂੰ ਜਾਣੂ ਕਰਵਾਇਆ।
ਇਸ ਸੰਬੰਧੀ ਪਾਰਲੀਮੈਂਟ ਦੇ ਕਨੂੰਨ ਦੀ ਧਾਰਾ 377 ਅਨੁਸਾਰ ਸੰਸਦ ਵਿੱਚ ਸਪੀਕਰ ਨੂੰ ਸਪਲੀਮੈਂਟਰੀ ਪ੍ਰਸ਼ਨ ਦੌਰਾਨ ਸੰਬੋਧਨ ਹੁੰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜਿਥੇ ਦੇਸ਼ ਅੰਦਰ ਬੁਲੇਟ ਟਰੇਨ ਚਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਅਤੇ ਇਥੋਂ ਚੱਲਦੀਆਂ ਰੇਲ ਗੱਡੀਆਂ ਦੀ ਹਾਲਤ ਕੁੱਝ ਬਿਹਤਰ ਨਹੀਂ ਹੈ।ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਜੋ ਸਿੱਖਾਂ ਦੇ ਮੱਕੇ ਵਜੋਂ ਜਾਣਿਆਂ ਜਾਂਦਾ, ਉਥੇ ਹੀ ਇਥੇ ਹਿੰਦੂ ਧਰਮ ਦੇ ਦੁਰਗਿਆਣਾ ਮੰਦਿਰ, ਭਗਵਾਨ ਵਾਲਮੀਕਿ ਦੇ ਅਸਥਾਨ ਰਾਮ ਤੀਰਥ ਅਸਥਾਨ ਦੀ ਧਾਰਮਿਕ ਮਹੱਤਤਾ ਵਜੋਂ ਵਿਸੇਸ਼ ਸਥਾਨ ਕਾਰਨ ਲੱਖਾਂ ਸ਼ਰਧਾਲ਼ੂ ਅੰਮ੍ਰਿਤਸਰ ਦੀ ਯਾਤਰਾ ਕਰਦੇ ਹਨ। ਇਸ ਦੇ ਨਾਲ ਨਾਲ ਭਾਰਤ ਪਾਕਿ ਦਰਮਿਆਨ ਅਟਾਰੀ-ਵਾਹਗਾ ਬਾਰਡਰ ਕਾਰਨ ਵੀ ਹਜਾਰਾਂ ਲੋਕ ਇਥੇ ਰੇਲਗੱਡੀਆਂ ਰਾਹੀਂ ਪਹੁੰਚਦੇ ਹਨ, ਪਰ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਗੱਡੀਆਂ ਦੀ ਹਾਲਤ ਇੰਨੀਂ ਜਿਆਦਾ ਵਧੀਆ ਨਹੀਂ। ਔਜਲਾ ਨੇ ਸੰਸਦ ਵਿੱਚ ਸਿੱਖਾਂ ਦੇ ਦੋ ਤਖਤਾਂ ਦਰਮਿਆਨ ਚਲਣ ਵਾਲੀ ਸਚਖੰਡ ਐਕਸਪ੍ਰੈਸ ਦੀ ਹਾਲਤ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਰੇਲ ਗੱਡੀ ਦੇ ਏ.ਸੀ ਕੋਚ ਦੀ ਹਾਲਤ ਕਿਸੇ ਜਨਰਲ ਕੋਚ ਤੋਂ ਵੀ ਮਾੜੀ ਹੈ।ਜਨ ਸ਼ਤਾਬਦੀ ਰੇਲਗੱਡੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਗੱਡੀ ਦੇ ਡੱਬਿਆਂ ਦੀ ਗਿਣਤੀ 7 ਤੋਂ ਵਧਾਉਣ ਦੀ ਮੰਗ ਕੀਤੀ।
ਔਜਲਾ ਵਲੋਂ ਪੁੱਛੇ ਪ੍ਰਸ਼ਨ ਦੇ ਜਵਾਬ ਵਿੱਚ ਸੰਬੰਧਿਤ ਵਿਭਾਗ ਵਲੋਂ ਪੈਂਡਿੰਗ ਰੱਖਦਿਆਂ ਕਿਹਾ ਕਿ ਵਿਭਾਗ ਵਲੋਂ ਇਸ ਸੰਬੰਧੀ ਸੁਧਾਰਾਂ ਲਈ ਵਿਚਾਰ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media