Friday, March 6, 2026

ਅਕਾਲ ਤਖ਼ਤ ਬਾਰੇ ਅਮਰੀਕੀ ਸਿੱਖ ਵਿਦਵਾਨ ਵਲੋਂ ਲਿਖੀ ਪੁਸਤਕ ਰਲੀਜ

ਅਕਾਲ ਤਖ਼ਤ ਦੇ ਦਾਰਸ਼ਨਿਕ ਅਰਥਾਂ ਵੱਲ ਧਿਆਨ ਦੇਣ ‘ਤੇ ਜੋਰ
ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਅਤੇ ਉੱਤਰੀ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਵੱਲੋਂ ਸੰਚਾਲਿਤ ਕੀਤੀ ਜਾ PPN0508201810ਰਹੀ ਸੰਸਥਾ ਨਾਦ ਪ੍ਰਗਾਸੁ ਦੁਆਰਾ ਅਮਰੀਕੀ ਸਿੱਖ ਵਿਦਵਾਨ ਅਮਨਦੀਪ ਸਿੰਘ ਦੁਆਰਾ ਲਿਖੀ ਪੁਸਤਕ ‘ਅਕਾਲ ਤਖ਼ਤ: ਰਿਵਿਜ਼ਟਿੰਗ ਮੀਰੀ ਇਨ ਪੁਲੀਟੀਕਲ ਇਮੈਜੀਨੇਸ਼ਨ’ ਨੂੰ ਖ਼ਾਲਸਾ ਕਾਲਜ ਫਾਰ ਵਿਮਨ ਵਿਖੇ ਰਿਲੀਜ ਕੀਤਾ ਗਿਆ ਅਤੇ ਬਾਅਦ ਵਿਚ ਵੱਖ-ਵੱਖ ਵਿਦਵਾਨਾਂ ਨੇ ਪੁਸਤਕ ਬਾਬਤ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਇਸ ਪੁਸਤਕ ਨਾਲ ਅਕਾਲ ਤਖਤ ਦੇ ਸਿਧਾਂਤ ਅਤੇ ਵਿਹਾਰ ਸਬੰਧੀ ਚੱਲ ਰਹੀ ਬਹਿਸ ਨੂੰ ਠੀਕ ਦਿਸ਼ਾ ਮਿਲਣ ਦੀ ਆਸ ਬੱਝੀ ਹੈ।
ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰੋਫੈ. ਐਮੀਰਾਈਟਸ ਡਾ. ਹਰਜੀਤ ਸਿੰਘ ਗਿੱਲ ਸਾਬਕਾ ਪ੍ਰੋਫੈਸਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਨੇ ਹਾਜ਼ਰ ਖੋਜਾਰਥੀਆਂ ਤੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਵਿਸ਼ਵ ਪੱਧਰੀ ਚਿੰਤਨ ਵਿਚ ਦਾਖਿਲ ਹੋਣ ਲਈ ਪੰਜਾਬ ਦੇ ਵਿਦਿਆਰਥੀਆਂ ਨੂੰ ਆਪੋ-ਆਪਣੇ ਵਿਸ਼ਿਆਂ ਪ੍ਰਤੀ ਸਿਧਾਂਤਕ ਪਹੁੰਚ ਅਪਣਾਉਣ ਦੀ ਲੋੜ ਹੈ, ਜਿਸ ਨਾਲ ਸਮਕਾਲੀ ਪ੍ਰਵਚਨ ਵਿਚ ਪੰਜਾਬ ਵੀ ਆਪਣਾ ਬੌਧਿਕ ਅਕਸ ਸਥਾਪਿਤ ਕਰ ਸਕੇ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀ ਬਹਿਸ ਆਪਣੇ ਪ੍ਰਵਰਗਾਂ ਵਿਚ ਲਿਆਉਣੀ ਪਵੇਗੀ। ਇਸ ਨਾਲ ਹੀ ਸਾਡੀ ਆਪਣੀ ਰਚਨਾਤਮਕ ਮੌਲਿਕਤਾ ਸਥਾਪਤ ਹੋ ਸਕਦੀ ਹੈ। ਇਸ ਮੌਕੇ ਬੀਬੀ ਕਿਰਨਜੋਤ ਕੌਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਿਕ ਲੀਡਰਸ਼ਿਪ ਵਿਚ ਦੂਰੰਦੇਸ਼ੀ ਦੀ ਘਾਟ ਕਾਰਨ ਸ਼੍ਰੀ ਅਕਾਲ ਤਖ਼ਤ ਦੀ ਵਿਹਾਰਿਕਤਾ ਗੈਰਪ੍ਰਸੰਗਕ ਹੋ ਚੁੱਕੀ ਹੈ। ਅਕਾਲ ਤਖ਼ਤ ਸਾਹਿਬ ਦੀ ਸਰਉੱਚਤਾ ਪ੍ਰਤੀ ਸਿੱਖਾਂ ਦਾ ਵਿਸ਼ਵਾਸ ਬਰਕਰਾਰ ਰੱਖਣ ਲਈ ਵਿਦਵਾਨਾਂ ਨੂੰ ਅਕਾਲ ਤਖ਼ਤ ਦੇ ਦਾਰਸ਼ਨਿਕ ਅਰਥਾਂ ਨੂੰ ਤਲਾਸ਼ਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਰਾਜਨੀਤੀ ਦੀ ਅੰਤਰ -ਕ੍ਰਿਰਿਆ ਨੂੰ ਪੁਨਰ-ਪ੍ਰਭਾਸ਼ਿਤ ਕਰਨ ਲਈ ਪ੍ਰੇਰਿਤ ਕਰਦੀ ਹੈ।
ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਸਮਾਗਮ ਲਈ ਪਹੁੰਚੇ ਪੁਸਤਕ ਦੇ ਲੇਖਕ ਅਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕਾਲ ਤਖਤ ਨੂੰ ਮੌਜੂਦਾ ਸੰਦਰਭ ਵਿਚ ਪ੍ਰਸੰਗਕ ਸਾਬਤ ਕਰਨ ਲਈ ਖੋਜਾਰਥੀਆਂ ਨੂੰ ਸੈਕੂਲਰ ਮਾਡਲ ਦੇ ਨਾਲ ਨਾਲ ਅਲੋਚਨਾ ਸਿਧਾਂਤ ਨੂੰ ਵੀ ਗੰਭੀਰਤਾ ਨਾਲ ਪੜ੍ਹਨਾ ਪਵੇਗਾ। ਜਦੋਂ ਤਕ ਅਕਾਲ ਤਖਤ ਦਾ ਸੈਕੂਲਰ ਮਾਡਲ ਨਾਲ ਸੰਵਾਦ ਨਹੀਂ ਰਚਾਇਆ ਜਾਂਦਾ ੳਦੋਂ ਤਕ ਇਹ ਸੰਸਥਾ ਆਪਣੇ ਰਾਜਨੀਤਿਕ ਅਰਥ ਸਥਾਪਤ ਨਹੀਂ ਕਰ ਸਕੇਗੀ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਇਤਿਹਾਸ ਵਿਚ ਪੰਜਾਬੀ ਸਭਿਆਚਾਰਕ ਮਾਨਸਿਕਤਾ ਆਪਣੀ ਜੜ੍ਹਾਂ ਡੂੰਘੀਆਂ ਕਰ ਚੁੱਕੀ ਹੈ।
ਪੁਸਤਕ ਬਾਬਤ ਆਪਣਾ ਖੋਜ ਪੱਤਰ ਪੇਸ਼ ਕਰਦੇ ਹੋਏ ਆਈ.ਆਈ.ਟੀ ਦਿੱਲੀ ਤੋਂ ਅਮਨਿੰਦਰ ਸਿੰਘ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕ ਖੇਤਰ ਵਿਚ ਅਕਾਲ ਤਖ਼ਤ ਦੇ ਦਾਰਸ਼ਨਿਕ ਪ੍ਰਸੰਗ ਦੀ ਗੈਰ ਹਾਜ਼ਰੀ ਪ੍ਰਤੀ ਜਾਗ੍ਰਿਤ ਕਰਨ ਦਾ ਇੱਕ ਯਤਨ ਹੈ, ਜਿਸ ਨੂੰ ਸਿੱਖ ਚੇਤਨਾ ਸਾਂਝੇ ਰੂਪ ਵਿਚ ਮਹਿਸੂਸ ਵੀ ਕਰਦੀ ਹੈ, ਇਸ ਪੁਸਤਕ ਦੀ ਮੁੱਖ ਪ੍ਰਾਪਤੀ ਅਕਾਲ ਤਖ਼ਤ ਦੀ ਬਾਹਰੀ ਵਿਹਾਰਿਕਤਾ ਦੀਆਂ ਸੀਮਾਵਾਂ ਉਪਰ ਕੇਂਦਰਿਤ ਨਾ ਹੋ ਕੇ ਇਸ ਦੇ ਚਿੰਤਨੀ ਅਧਾਰਾਂ ਦੀ ਪਛਾਣ ਕਰਨ ਵੱਲ ਵਧੇਰੇ ਯਤਨਸ਼ੀਲ ਹੋਣਾ ਹੈ।
ਗੋਸ਼ਟੀ ਦੇੇ ਅਖੀਰ ਵਿੱਚ ਹੋਈ ਵਿਚਾਰ ਚਰਚਾ ਦੌਰਾਨ ਵੱਖ-ਵੱਖ ਵਿਦਵਾਨਾਂ ਅਤੇ ਖੋਜਾਰਥੀਆਂ ਦਾ ਕਹਿਣਾ ਸੀ ਕਿ ਇਸ ਕਿਤਾਬ ਨਾਲ ਪਹਿਲੀ ਵਾਰ ਸਿੱਖ ਜਗਤ ਸਮਕਾਲੀ ਸੈਕੂਲਰ ਪਰਿਪੇਖ ਨਾਲ ਸੰਵਾਦ ਰਚਾਉਣ ਦੇ ਸਮਰੱਥ ਹੋਇਆ ਹੈ।ਇਹ ਪੁਸਤਕ ਮੀਰੀ ਦੇ ਸੰਕਲਪ ਨੂੰ ਸਧਾਰਨ ਰਾਜਨੀਤਿਕ ਅਰਥਾਂ ਤੋਂ ਬਾਹਰ ਕੱਢ ਕੇ ਕੇ ਇਸ ਨੂੰ ਵਿਸ਼ਾਲ ਅਰਥ ਪ੍ਰਦਾਨ ਕਰਦੀ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਅਤੇ ਕਾਰਜਸ਼ੀਲਤਾ ਦੇ ਚਿੰਤਨ ਨੂੰ ਪੇਸ਼ ਕਰਨ ਵਾਲੀ ਪਹਿਲੀ ਪੁਸਤਕ ਹੈ, ਜੋ ਸਿੱਖ ਚਿੰਤਨ ਦੇ ਖੋਜੀਆਂ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ।
ਅੱਜ ਦੇ ਸਮਾਗਮ ਵਿਚ ਦਿੱਲੀ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਵਲੀ ਯੂਨੀਵਰਸਿਟੀ ਫਗਵਾੜਾ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਫਗਵਾੜਾ, ਖ਼ਾਲਸਾ ਕਾਲਜ ਅੰਮ੍ਰਿਤਸਰ, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ, ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ, ਫਤਿਹਗੜ੍ਹ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਅਤੇ ਰਾਜ ਦੇ ਵੱਖ-ਵੱਖ ਅਦਾਰਿਆ ਤੋਂ ਵਿਦਵਾਨਾਂ ਨੇ ਭਾਗ ਲਿਆ।ਉਪਰੋਕਤ ਤੋਂ ਇਲਾਵਾ ਡਾ. ਗੁਰਨਾਮ ਕੌਰ ਬੇਦੀ, ਪ੍ਰੋ. ਗੁਰਬਖਸ਼ ਸਿੰਘ, ਡਾ. ਹੀਰਾ ਸਿੰਘ, ਡਾ. ਜਸਵੰਤ ਸਿੰਘ, ਡਾ. ਪਵਨ ਕੁਮਾਰ, ਡਾ. ਰਣਜੀਤ ਕੌਰ ਆਦਿ ਵੀ ਹਾਜ਼ਰ ਸਨ। ਸਮਾਗਮ ਦੇ ਅਖੀਰ ਵਿਚ ਧੰਨਵਾਦੀ ਮਤਾ ਸੰਸਥਾ ਦੇ ਸਕੱਤਰ ਵਰਿੰਦਰਪਾਲ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਦਕਿ ਡਾ. ਸੁਖਵਿੰਦਰ ਸਿੰਘ ਨੇ ਮੰਚ ਸੰਚਾਲਨ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply