Saturday, March 14, 2026

ਡਾ. ਓਬਰਾਏ ਨੇ ਨਰਕ `ਚੋਂ ਕੱਢਿਆ ਧੋਖੇਬਾਜ਼ ਏਜੰਟਾਂ ਦੇ ਢਹੇ ਚੜੀ ਪੰਜਾਬ ਦੀ ਧੀਅ ਨੂੰ

ਪਸ਼ੂਆਂ ਵਾਲਾ ਹੁੰਦਾ ਸੀ ਮੇਰੇ ਨਾਲ ਵਿਵਹਾਰ ਮਸਕਟ `ਚ – ਪਰਵੀਨ ਰਾਣੀ

PPN1009201816ਅੰਮ੍ਰਿਤਸਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਧੋਖੇਬਾਜ਼ ਏਜੰਟ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ `ਚ ਭੇਜੀ ਅਤੇ ਅੱਗੇ ਮੁੜ ਗ਼ੈਰਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਇੱਕ ਜ਼ਿੰਮੀਦਾਰ ਕੋਲ ਵੇਚ ਦਿੱਤੀ ਗਈ 26 ਸਾਲਾ ਇੱਕ ਪੰਜਾਬਣ ਧੀਅ, ਸਰਬੱ ਦਾ ਭਲਾ ਟਰੱਸਟ ਦੇ ਮੁੱਖੀ ਤੇ ਨਾਮਵਰ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਾਪਿਸ ਆਪਣੇ ਬਾਬੁਲ ਦੇ ਵਿਹੜੇ ਪਰਤ ਆਈ ਹੈ।
    ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਮਹਿਮੂਵਾਲ ਯੂਸਫ਼ਪੁਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਕਰਮਾਂ ਮਾਰੀ ਧੀਅ ਪਰਵੀਨ ਰਾਣੀ ਤਕਰੀਬਨ 9 ਮਹੀਨਿਆਂ ਦੀ ਤਸੀਹਿਆਂ ਭਰੀ ਤੇ ਜੇਲ੍ਹ-ਨੁਮਾ ਜ਼ਿੰਦਗੀ ਤੋਂ ਮੁਕਤੀ ਪਾ ਕੇ ਅੱਜ ਇੱਕ  ਉਡਾਣ ਰਾਹੀਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਸ਼ਿਸ਼ਪਾਲ ਸਿੰਘ ਲਾਡੀ ਤੋਂ ਇਲਾਵਾ ਉਸ ਦੇ ਮਾਂ-ਪਿਉ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇਂ `ਚ ਲਿਆ।ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ. ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ, ਉੱਥੇ ਇਸ ਮਸਲੇ ਦੇ ਹੱਲ ਲਈ ਉਨਾਂ ਦੇ ਪੀ.ਆਰ.ਓ ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ ।
      ਬੰਧੂਆਂ ਮਜਦੂਰ ਵਜੋਂ ਦਿਲ ਵਲੂੰਧਰਣ ਵਾਲੇ ਬਿਤਾਏ ਗਏ ਪਲਾਂ ਦੀ ਗਾਥਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਭ ਤੋਂ ਪਹਿਲਾਂ ਪਰਵੀਨ ਰਾਣੀ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇਵਤਾ ਰੂਪੀ ਇਨਸਾਨ ਦੀ ਬਦੌਲਤ ਹੀ, ਉਹ ਨਰਕ ਭਰੇ ਜ਼ਿੰਦਗੀ `ਚੋਂ ਨਿਜਾਤ ਪਾ ਸਕੀ ਹੈ।ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸ ਦੇ ਖਰੀਦਦਾਰ ਨੂੰ ਉਸ ਦੇ ਖ੍ਰੀਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਨਵੀਂ ਜ਼ਿੰਦਗੀ ਦਿੱਤੀ ਹੈ।ਪਰਵੀਨ ਨੇ ਸਹਿਮ ਭਰੇ ਲਹਿਜ਼ੇ `ਚ ਇਹ ਵੀ ਦੱਸਿਆ ਕਿ ਉਸ ਕੋਲੋਂ ਗੋਲੀ ਦੇ ਡਰਾਵੇ ਨਾਲ ਸਵੇਰ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਤਰਾਂ ਦੇ ਪਸ਼ੂਆਂ ਨੂੰ ਸਾਂਭਣ ਤੇ ਸਾਰਾ ਘਰੇਲੂ ਕੰਮ ਲਿਆ ਜਾਂਦਾ ਸੀ ਤੇ ਕੰਮ ਤੋਂ ਨਾਂਹ ਕਰਨ `ਤੇ ਅਣਮਨੁੱਖੀ ਤਸ਼ੱਦਦ ਵੀ ਢਾਹਿਆ ਜਾਂਦਾ ਸੀ।ਉਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਖਾੜੀ ਦੇਸ਼ਾਂ `ਚ ਭੇਜਣ ਤੋਂ ਪਹਿਲਾਂ ਲੱਖ ਵਾਰ ਸੋਚਣ ਕਿਉਂਕਿ ਧੋਖੇਬਾਜ਼ ਏਜੰਟ ਪੈਸਿਆਂ ਦੇ ਲਾਲਚ `ਚ ਇੱਥੋਂ ਸਬਜ਼ਬਾਜ ਵਿਖਾ ਕੇ ਪੰਜਾਬ ਦੀਆਂ ਕੁੜੀਆਂ ਨੂੰ ਉੱਥੇ ਜਾ ਕੇ ਵੇਚ ਦਿੰਦੇ ਹਨ।
           ਇਸੇ ਦੌਰਾਨ ਪਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ,ਮਾਤਾ ਸਿਮਰਜੀਤ ਕੌਰ, ਭੈਣ ਕੰਵਲਜੀਤ ਕੌਰ ਤੇ ਜੀਜਾ ਹਰਪਾਲ ਸਿੰਘ ਨੇ ਭਰੇ ਗਚ ਨਾਲ ਡਾ.ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫ਼ਿਰ ਮਿਲ ਗਈ ਹੈ।ਉਨਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਪੁੱਤਰ ਸੋਹਨ ਵਾਸੀ ਤਲਵੰਡੀ ਬੁੱਟਿਆਂ ਨੇ ਉਨਾਂ ਨਾਲ ਵੱਡਾ ਧੋਖਾ ਕੀਤਾ ,ਜਿਸ ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply