Monday, June 16, 2025
Breaking News

23 ਸਤੰਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਭੁੱਖ ਹੜਤਾਲ ਕਰਨਗੇ ਅਧਿਆਪਕ

PPN1909201802ਭੀਖੀ, 19 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਵਲੋਂ ਇੱਕ ਅਹਿਮ ਮੀਟਿੰਗ ਮਾਨਸਾ ਦੇ ਪ੍ਰਧਾਨ ਬਲਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਬਾਲ ਭਵਨ ਮਾਨਸਾ ਵਿਖੇ ਕੀਤੀ ਗਈ।ਜਿਸ ਵਿੱਚ ਯੂਨੀਅਨ ਦੀ ਸਟੇਟ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਆਉਣ ਵਾਲੀ 23 ਸਤੰਬਰ ਨੂੰ ਪੂਰੇ ਪੰਜਾਬ ਦੇ ਕੈਬਨਿਟ ਮੰਤਰੀਆ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ।
        ਮਾਨਸਾ ਦੇ ਪ੍ਰਧਾਨ ਸ਼ਰਮਾ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵਲੋਂ 2011 ਵਿੱਚ ਲਿਆ ਪਹਿਲਾ ਟੈਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ਉਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ `ਤੇ 6000 ਰੁਪਏ ਮਹੀਨਾ ਤਨਖਾਹ ਤੇ ਭਰਤੀ ਕੀਤੇ ਗਏ ਸਨ।ਨਿਯੁੱਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2017 ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਸੀ।ਅਕਤੂਬਰ 2017 ਵਿਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈ ਗਈਆਂ ਹਨ ।ਹੁਣ ਤਿੰਨ ਸਾਲ ਤੋਂ ਦਸ ਮਹੀਨੇ ਬਾਅਦ ਵੀ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਜਦਕਿ ਵਿੱਤ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਨਾ-ਮਾਤਰ ਦਿੱਤੀ ਜਾ ਰਹੀਂ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ।ਇਸ ਤੋਂ ਇਲਾਵਾ ਸਰਕਾਰ ਵਲੋਂ ਮੀਟਿੰਗਾਂ ਵਿੱਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਾਲਾਨਾ ਵਾਧਾ ਜਾਂ ਅਪ੍ਰੈਲ 2019 ਤੋਂ ਰੈਗੂਲਰ ਕਰਨ ਦੀ ਅਜੀਬੋ-ਗਰੀਬ ਸ਼ਰਤਾਂ ਦਾ ਪ੍ਰਸਤਾਵ ਸੂਬਾਈ ਆਗੂਆਂ ਸਾਹਮਣੇ ਰੱਖਿਆ ਗਿਆ ਜਿਸ ਨੂੰ ਉਹਨਾਂ ਵਲੋਂ ਮੁਢੋਂ ਹੀ ਰਦ ਕਰ ਦਿੱਤਾ ਗਿਆ ਅਤੇ ਆਪਣੇ ਤਿੰਨ ਸਾਲ ਪੂਰੇ ਹੋਣ ਉਪਰੰਤ ਭਾਵ ਨਵੰਬਰ 2017 ਤੋਂ ਹੀ ਫੁੱਲ ਸਕੇਲ `ਤੇ ਰੈਗੂਲਰ ਦੀ ਮੰਗ ਕੀਤੀ ਗਈ।
         ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ/ਕਰਾਫਟ ਅਤੇ ਡੀ.ਪੀ.ਈ) ਨੂੰ ਜਲਦ ਤੋਂ ਜਲਦ ਇੱਕ ਮਿਤੀ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਰੈਗੂਲਰ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ। ਉਹਨਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜ਼ੇਕਰ 5178 ਅਧਿਆਪਕਾਂ ਦੀ ਜਾਇਜ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।
         ਇਸ ਮੌਕੇ ਅਮਨ ਅਰੋੜਾ, ਜਗਤਾਰ ਮੀਆਂ, ਪ੍ਰੀਤ ਸੁਰਿੰਦਰ ਮਾਨਸਾ, ਰਿੰਪਲ ਭੈਣੀ ਬਾਘਾ, ਗੁਰਸੇਵਕ ਬੁਢਲਾਡਾ, ਗੁਰਪ੍ਰੀਤ ਬੀਰੋਕੇ, ਹਰਭਜਨ ਉਭਾ, ਹਰਕਿਰਨ ਮਾਨਸਾ, ਸ਼ਵਿੰਦਰ ਖੋਖਰ ਆਦਿ ਮੈਂਬਰ ਹਾਜ਼ਰ ਸਨ।
 

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply