ਪਿੰਡ `ਚ ਲਗਾਏ ਨੋਡਲ ਅਧਿਕਾਰੀ
ਅੰਮ੍ਰਿਤਸਰ, 9 ਅਕਤੂਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਿਲ੍ਹਾ ਪ੍ਰਾਸ਼ਸਨ ਵੱਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਦਾ ਬੀੜਾ ਵੱਡੇ
ਪੱਧਰ ’ਤੇ ਚੁੱਕਿਆ ਗਿਆ ਹੈ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਖੇਤੀਬਾੜੀ, ਪ੍ਰਦੂਸ਼ਣ, ਸਹਿਕਾਰਤਾ, ਪੰਚਾਇਤ, ਬਿਜਲੀ, ਮਾਲ ਤੇ ਪੁਲਿਸ ਵਿਭਾਗ ਇਸ ਕੰਮ ਵਿਚ ਜੁਟੇ ਹੋਏ ਹਨ। ਬੀਤੀ ਸ਼ਾਮ ਤੱਕ ਜਿਲ੍ਹੇ ਵਿਚ 101 ਕਿਸਾਨਾਂ ਦੇ ਚਲਾਨ ਕਰਕੇ ਉਨਾਂ ਨੂੰ 2 ਲੱਖ 62 ਹਜ਼ਾਰ 500 ਰੁਪਏ ਜੁਰਮਾਨਾ ਕੀਤਾ ਹੈ, ਜਿਸ ਵਿਚੋਂ ਇਕ ਲੱਖ 12 ਹਜ਼ਾਰ 500 ਰੁਪਏ ਜੁਰਮਾਨਾ ਮੌਕੇ ’ਤੇ ਵਸੂਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸੰਘਾ ਨੇ ਦੱਸਿਆ ਕਿ ਉਪਗ੍ਰਹਿ ਤੋਂ ਇਲਾਵਾ ਆਪਣੇ ਸਰੋਤਾਂ ਰਾਹੀਂ ਵੀ ਕਿਸਾਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕ ਵੀ ਇਸ ਦੀ ਸੂਚਨਾ ਪ੍ਰਸ਼ਾਸਨ ਨਾਲ ਸਾਂਝੀ ਕਰ ਰਹੇ ਹਨ। ਉਨਾਂ ਵਧੀਕ ਡਿਪਟੀ ਕਮਿਸ਼ਨਰਾਂ ਅਤੇ ਸਾਰੇ ਐਸ ਡੀ ਐਮਜ਼ ਨੂੰ ਜਿਲ੍ਹੇ ਵਿਚ ਪਰਾਲੀ ਦਾ ਪ੍ਰਦੂਸ਼ਣ ਰੋਕਣ ਲਈ ਦਿਨ-ਰਾਤ ਇਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਸੰਘਾ ਨੇ ਦੱਸਿਆ ਕਿ ਜਿਲ੍ਹੇ ਦੇ ਹਰੇਕ ਪਿੰਡ ਵਿਚ ਇਕ ਨੋਡਲ ਅਧਿਕਾਰੀ ਲਗਾ ਦਿੱਤਾ ਗਿਆ ਹੈ, ਇਸ ਤਰਾਂ ਕੁੱਲ 776 ਨੋਡਲ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜੋ ਕਿ ਕਿਸਾਨਾਂ ਨੂੰ ਸਮਝਾਉਣ ਦੇ ਨਾਲ-ਨਾਲ ਗੁਰਦੁਆਰਿਆਂ ਦੇ ਸਪਕੀਰਾਂ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਅਤੇ ਖੇਤ ਵਿਚ ਵਾਹਉਣਣ ਦੇ ਫਾਇਦੇ ਦੱਸਣਗੇ।ਇਨਾਂ ਨੋਡਲ ਅਧਿਕਾਰੀਆਂ ਵਿਚ ਸਹਿਾਕਰਤਾ ਸੈਕਟਰੀ, ਪੰਚਾਇਤ ਸੈਕਟਰੀ, ਬਿਜਲੀ ਬੋਰਡ ਦੇ ਲਾਇਨਮੈਨ ਤੇ ਜੂਨੀਅਰ ਇੰਜੀਨੀਅਰ, ਖੇਤੀਬਾੜੀ ਇੰਸਪੈਕਟਰ, ਬਾਗਬਾਨੀ ਅਧਿਕਾਰੀ ਤੇ ਸਾਇਲ ਕੰਜ਼ਰਵੇਸ਼ਨ ਅਧਿਕਾਰੀ ਸ਼ਾਮਿਲ ਹਨ।
ਸੰਘਾ ਨੇ ਦੱਸਿਆ ਕਿ ਇੰਨਾਂ ਤੋਂ ਅੱਗੇ ਜਿਲ੍ਹੇ ਵਿਚ 20 ਪਿੰਡਾਂ ਵਿਚ ਇਕ ਕੁਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ, ਜੋ ਕਿ ਬੀ.ਡੀ.ਪੀ.ਓ, ਪੰਚਾਇਤ ਅਧਿਕਾਰੀ, ਖੇਤੀਬਾੜੀ ਅਧਿਕਾਰੀ, ਬਿਜਲੀ ਬੋਰਡ ਦੇ ਐਸ.ਡੀ.ਓ ਅਤੇ ਐਸ.ਐਚ.ਓ ਹਨ।ਇਹ ਕੁਆਰਡੀਨੇਟਰ ਆਪੋ-ਆਪਣੇ ਖੇਤਰ ਦੇ ਨੋਡਲ ਅਧਿਕਾਰੀਆਂ ਨਾਲ ਰਾਬਤਾ ਰੱਖ ਕੇ ਹਰੇਕ ਕਿਸਾਨ ਤੱਕ ਪਹੁੰਚ ਯਕੀਨੀ ਬਨਾਉਣਗੇ।
ਸੰਘਾ ਨੇ ਦੱਸਿਆ ਕਿ ਜੋ ਕਿਸਾਨ ਸਮਝਾਉਣ ’ਤੇ ਵੀ ਨਹੀਂ ਮੰਨਦਾ, ਉਸ ਦਾ ਚਲਾਨ ਕੱਟਣ ਲਈ ਵੀ ਜਿਲ੍ਹੇ ਵਿਚ 30 ਟੀਮਾਂ ਦਿਨ ਰਾਤ ਕੰਮ ਕਰ ਰਹੀਆਂ ਹਨ, ਜਿਸ ਵਿਚ ਪ੍ਰਦੂਸ਼ਣ ਵਿਭਾਗ ਦੇ ਨਾਲ-ਨਾਲ ਪੁਲਿਸ, ਮਾਲ ਵਿਭਾਗ ਦੇ ਅਧਿਕਾਰੀ ਤੇ ਐਸ.ਡੀ.ਐਮ ਸ਼ਾਮਿਲ ਹਨ।ਉਨਾਂ ਦੱਸਿਆ ਕਿ ਉਪਗ੍ਰਹਿ ਦੁਆਰਾ ਜਿਲ੍ਹੇ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਕਤ ਅਧਿਕਾਰੀਆਂ ਦੇ ਨੰਬਰ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਡੈਟੇ ਵਿਚ ਫੀਡ ਹਨ।ਜਿਸ ਖੇਤਰ ਵਿਚ ਅੱਗ ਲੱਗਦੀ ਹੈ, ਉਸ ਖੇਤਰ ਦੇ ਅਧਿਕਾਰੀ ਨੂੰ ਲੋਕੇਸ਼ਨ ਸਮੇਤ ਸੰਦੇਸ਼ ਮੋਬਾਈਲ ’ਤੇ ਆਪਣੇ-ਆਪ ਪਹੁੰਚ ਜਾਂਦਾ ਹੈ ਅਤੇ ਉਹ ਜਾ ਕੇ ਚਲਾਨ ਕੱਟਦਾ ਹੈ।ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚ 101 ਕਿਸਾਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media