30 ਤੋਂ ਵੱਧ ਲੋਕਾਂ ਦੀ ਜਾਨ ਬਚਾਈ
ਬਟਾਲਾ, 23 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਕਿਸੇ ਦੀ ਜਾਨ ਬਚਾਉਣਾ ਸਭ ਤੋਂ ਵੱਡਾ ਪਰਉਪਕਾਰ ਮੰਨਿਆ ਗਿਆ ਹੈ ਅਤੇ `ਰੱਬ ਦੇ ਦੂਤ`
ਬਣ ਕੇ ਔਖੀ ਘੜੀ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਇਹ ਨੇਕ ਕਾਰਜ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ।ਪਿੰਡ ਦਾਲਮ ਦਾ ਨੌਜਵਾਨ ਹਰਪ੍ਰੀਤ ਸਿੰਘ ਲਾਲੀ ਜੋ ਕਿ ਕਿੱਤਾ ਤਾਂ ਖੇਤੀਬਾੜੀ ਦਾ ਕਰਦਾ ਹੈ, ਪਰ ਉਸ ਦੇ ਦਿਲ ਵਿੱਚ ਮਾਨਵਤਾ ਦੀ ਭਲਾਈ ਦਾ ਦਰਦ ਇਨਾਂ ਹੈ ਕਿ ਉਹ ਹੁਣ ਤੱਕ ਆਪਣਾ ਖੂਨਦਾਨ ਕਰਕੇ 30 ਤੋਂ ਜਾਨਾਂ ਬਚਾ ਚੁੱਕਾ ਹੈ।
ਬਟਾਲਾ ਨੇੜਲੇ ਪਿੰਡ ਦਾਲਮ ਦੇ ਵਸਨੀਕ ਹਰਪ੍ਰੀਤ ਸਿੰਘ ਜਿਸ ਨੂੰ ਲਾਲੀ ਦਾਲਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਪਿਛਲੇ 20 ਸਾਲਾਂ ਤੋਂ ਆਪਣਾ ਖੂਨਦਾਨ ਕਰ ਰਿਹਾ ਹੈ। ਲਾਲੀ ਦਾਲਮ ਜਿਥੇ ਆਪ ਖੂਨਦਾਨ ਕਰਦਾ ਹੈ, ਉਥੇ ਉਹ ਆਪਣੇ ਦੋਸਤਾਂ ਨੂੰ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ ਅਤੇ ਇਹੀ ਕਾਰਨ ਹੈ ਕਿ ਉਸ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਨੌਜਵਾਨ ਇਸ ਨੇਕ ਕਾਰਜ ਵਿੱਚ ਉਸ ਨਾਲ ਜੁੜ ਗਏ ਹਨ।
ਹਰਪ੍ਰੀਤ ਸਿੰਘ ਲਾਲੀ ਦਾਲਮ ਨੇ ਦੱਸਿਆ ਕਿ ਉਸ ਦੇ ਖੂਨ ਦਾ ਗਰੁੱਪ `ਓ-ਨੈਗਟਿਵ` ਹੈ ਅਤੇ ਇਹ ਗਰੁਪ ਘੱਟ ਉਪਲੱਬਧ ਹੋਣ ਕਰਕੇ ਉਸ ਨੇ ਪਹਿਲੀ ਵਾਰ ਸਾਲ 1997 ਵਿੱਚ ਇੱਕ ਔਰਤ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਖੂਨ ਦੇ ਕੇ ਉਸ ਦੀ ਜਾਨ ਬਚਾਈ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਠਿੰਡਾ ਵਿਖੇ ਨੌਂਕਰੀ ਕਰਦੇ ਸਨ ਅਤੇ ਉਹ ਇਨੀ ਦਿਨੀ ਬਠਿੰਡਾ ਵਿਖੇ ਰਹਿੰਦੇ ਸਨ। ਉਥੇ ਉਨਾਂ ਦਾ ਮੇਲ ਯੂਨਾਇਟਿਡ ਵੈਲਫੇਅਰ ਕਲੱਬ ਦੇ ਪ੍ਰਧਾਨ ਵਿਜੇ ਭੱਟ ਨਾਲ ਹੋਇਆ ਜਿਨਾਂ ਨੇ ਉਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਲਾਲੀ ਨੇ ਦੱਸਿਆ ਕਿ ਉਹ ਵਿਜੇ ਭੱਟ ਦੀ ਟੀਮ ਦਾ ਮੈਂਬਰ ਬਣ ਗਿਆ ਅਤੇ ਬਹੁਤ ਵਾਰੀ ਉਸ ਨੇ ਆਪਣਾ ਖੂਨਦਾਨ ਕੀਤਾ। ਉਸ ਨੇ ਦੱਸਿਆ ਕਿ 10 ਸਾਲ ਪਹਿਲਾਂ ਉਹ ਆਪਣੇ ਪਿੰਡ ਦਾਲਮ ਆ ਗਿਆ ਪਰ ਉਸ ਨੇ ਖੂਨਦਾਨ ਦੇ ਕੰਮ ਨੂੰ ਇਥੇ ਵੀ ਜਾਰੀ ਰੱਖਿਆ।ਉਸ ਨੇ ਪਿੰਡ ਦਾਲਮ ਅਤੇ ਬਟਾਲਾ ਸ਼ਹਿਰ ਦੇ ਨੌਜਵਾਨਾਂ ਨੂੰ ਇਹ ਮਹਾਨ ਸੇਵਾ ਲਈ ਇਕੱਠਿਆਂ ਕੀਤਾ ਅਤੇ ਯੂਨਾਇਟਿਡ ਵੈਲਫੇਅਰ ਕਲੱਬ ਦਾ ਗਠਨ ਕਰਕੇ ਨੌਜਵਾਨਾਂ ਨੂੰ ਵੀ ਖੂਨਦਾਨ ਲਈ ਪ੍ਰੇਰਿਤ ਕੀਤਾ।
ਲਾਲੀ ਦਾਲਮ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਉਨਾਂ ਦੇ ਕਲੱਬ ਨੇ 8 ਖੂਨਦਾਨ ਕੈਂਪ ਲਗਾਏ ਹਨ ਜਿਸ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਖੂਨਦਾਨ ਕੀਤਾ ਹੈ। ਉਨਾਂ ਦੱਸਿਆ ਕਿ ਉਹ ਹਰ ਖੂਨਦਾਨ ਕੈਂਪ ਦੀ ਸ਼ੁਰੂਆਤ ਆਪ ਖੂਨਦਾਨ ਕਰਕੇ ਕਰਦੇ ਹਨ। ਇਸ ਤੋਂ ਇਲਾਵਾ ਉਨਾਂ ਨੇ ਖੂਨਦਾਨੀਆਂ ਦੀ ਇੱਕ ਸੂਚੀ ਵੀ ਤਿਆਰ ਕੀਤੀ ਹੈ ਜੋ ਲੋੜ ਪੈਣ `ਤੇ ਐਂਮਰਜੈਂਸੀ ਦੀ ਹਾਲਤ ਵਿੱਚ ਵੀ ਖੂਨ ਮੁਹੱਈਆ ਕਰਾਉਂਦੇ ਹਨ। ਹਰਪ੍ਰੀਤ ਸਿੰਘ ਲਾਲੀ ਦਾਲਮ ਦੇ ਇਸ ਨੇਕ ਕਾਰਜ ਲਈ ਉਸ ਨੂੰ ਕਈ ਸਨਮਾਨ ਵੀ ਮਿਲ ਚੁੱਕੇ ਹਨ। ਲਾਲੀ ਦਾਲਮ ਆਪਣੇ ਇਸ ਕਾਰਜ ਤੋਂ ਪੂਰੀ ਤਰਾਂ ਸੰਤੁਸ਼ਟ ਹੈ ਅਤੇ ਉਸ ਨੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣਾ ਖੂਨਦਾਨ ਕਰਕੇ ਕਿਸੇ ਲੋੜਵੰਦ ਦੀ ਜਾਨ ਬਚਾ ਸਕਦੇ ਹਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media