ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਤਾਵਰਣ ਨੂੰ ਹੋਰ ਸ਼ੁੱਧ, ਸਾਫ ਸੁਥਰਾ ਬਣਾਉਣ
ਅਤੇ ਪ੍ਰਦੂਸ਼ਣ ਮੁਕਤ ਕਰਨ ਦੇ ਅਮਲ ਨੂੰ ਅਮਲੀ ਰੂਪ ਦੇ ਦਿੱਤਾ ਗਿਆ ਹੈ। ਅੱਜ ਯੂਨੀਵਰਸਿਟੀ ਦੇ ਦੋਵਾਂ ਗੇਟਾਂ `ਤੇ ਤਿਆਰ ਕੀਤੀਆਂ ਪਾਰਕਿੰਗਾਂ ਦੇ ਵਿਚ ਹੀ ਵਾਹਨਾਂ ਨੂੰ ਲਗਵਾਇਆ ਗਿਆ ਜਿਸ ਦੇ ਵਿਚ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਆਉਣ ਵਾਲੇ ਬਾਹਰੀ ਵਿਅਕਤੀਆਂ ਵੱਲੋਂ ਪੂਰਾ ਸਹਿਯੋਗ ਦਿੰਦੇ ਹੋਏ ਇਸ ਕਦਮ ਦੀ ਸ਼ਲਾਘਾ ਕੀਤੀ ਗਈ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦਾ ਇਹ ਡਰੀਮ ਪ੍ਰੋਜੈਕਟ ਸੀ ਕਿ ਯੂਨੀਵਰਸਿਟੀ ਨੂੰ ਪ੍ਰਦੂਸ਼ਣ-ਮੁਕਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਲਈ ਇਕ ਚੰਗਾ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਯੂਨੀਵਰਸਿਟੀ ਕੈਂਪਸ ਵਿਚ ਟਰਾਇਲ ਤੌਰ `ਤੇ ਸਾਈਕਲ ਮੁਹਈਆ ਕਰਵਾ ਦਿੱਤੇ ਗਏ ਸਨ। ਅੱਜ ਤੋ 300 ਸਾਈਕਲ ਅਤੇ 12 ਈ-ਰਿਕਸ਼ੇ ਦੋਵਾਂ ਸਾਈਡਾਂ `ਤੇ ਪਾਰਕਿੰਗਾਂ `ਤੇ ਉਪਲਬਧ ਕਰ ਦਿੱਤੇ ਗਏ ਹਨ ਤਾਂ ਜੋ ਕਿਸੇ ਨੂੰ ਵੀ ਆਵਾਜਾਈ ਸਬੰਧੀ ਸਮੱਸਿਆ ਦਾ ਸਾਹਮਾਣਾ ਕਰਨਾ ਨਾ ਪਵੇ।ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਜਿਥੇ ਯੂਨੀਵਰਸਿਟੀ ਵਿਚ ਧੂੰਅੇ ਦਾ ਪੱਧਰ ਬਹੁਤ ਘੱਟ ਹੋ ਜਾਵੇਗਾ ਉਥੇ ਪੜ੍ਹਾਈ ਨੂੰ ਡਿਸਟਰਬ ਕਰਨ ਵਾਲੇ ਆਵਾਜ਼ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਲੋੜ ਪੈਣ `ਤੇ ਸਾਈਕਲਾਂ ਅਤੇ ਈ-ਰਿਕਸ਼ਿਆਂ ਦੀ ਗਿਣਤੀ ਵਧਾ ਦਿੱਤੀ ਜਾਵੇਗੀ ਅਤੇ ਪਾਰਕਿੰਗ ਵਿਚ ਵੱਖ ਵੱਖ ਵਾਹਨ ਵੱਖ ਵੱਖ ਸਾਈਡਾਂ `ਤੇ ਹੀ ਲੱਗਣਗੇ ਤਾਂ ਜੋ ਵਾਹਨ ਲਗਾਉਣ ਅਤੇ ਕੱਢਣ ਸਮੇਂ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ।
ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਬਾਹਰੀ ਵਿਅਕਤੀਆਂ ਵੱਲੋਂ ਯੂਨੀਵਰਸਿਟੀ ਵਿਚੋਂ ਵਾਹਨ ਕਰਾਸ ਕਰਨ `ਤੇ ਪੂਰਨ ਪਾਬੰਦੀ ਲੱਗ ਗਈ ਹੈ ਉਥੇ ਕੋਈ ਵੀ ਬਾਹਰੀ ਵਿਅਕਤੀ ਗੱਡੀ ਸਮੇਤ ਯੂਨੀਵਰਸਿਟੀ ਦੇ ਅੰਦਰ ਦਾਖਲ ਨਹੀਂ ਹੋ ਸਕੇਗਾ। ਇਸ ਕਦਮ ਨੂੰ ਵਿਦਿਆਰਥਣਾਂ ਲਈ ਇਕ ਸੁਰੱਖਿਆ ਮਾਹੌਲ ਦੇਣ ਦੇ ਤੌਰ `ਤੇ ਵੀ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਪ੍ਰਦੂਸ਼ਣ-ਮੁਕਤ ਕਰਨ ਦੇ ਨਾਲ ਨਾਲ ਸਿਹਤ ਪ੍ਰਤੀ ਵੀ ਵਿਦਿਆਰਥੀਆਂ ਵਿਚ ਜਾਗਰੂਕਤਾ ਵਧੇਗੀ ਅਤੇ ਪੜ੍ਹਨ ਲਈ ਵੀ ਇਕ ਚੰਗਾ ਮਾਹੌਲ ਪੈਦਾ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਦਫਤਰੀ ਕੰਮਾਂ ਲਈ ਆਉਣ ਵਾਲਿਆਂ ਨੂੰ ਆਪਣੇ ਵਾਹਨ ਪਾਰਕਿੰਗਾਂ ਵਿਚ ਹੀ ਲਗਾਉਣੇ ਪੈਣਗੇ। ਸੜਕ ਤੇ ਵਾਹਨ ਪਾਰਕ ਕਰਨ, ਹਾਰਨ ਤੇ ਗਾਣੇ ਵਜਾਉਣ ਆਦਿ ਤੋਂ ਇਲਾਵਾ ਦੋ ਪਹੀਆ ਵਾਹਨ `ਤੇ ਤੀਜੀ ਸਵਾਰੀ `ਤੇ ਵੀ ਮੁਕੰਮਲ ਪਾਬੰਦੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਵੀ ਚਾਰ ਪਹੀਆ ਵਾਹਨ ਰੱਖਣ `ਤੇ ਰੋਕ ਲਗਾ ਦਿੱਤੀ ਗਈ ਹੈ। ਉਹ ਆਪਣੇ ਦੋ ਪਹੀਆ ਵਾਹਨ ਆਪਣੇ ਹੋਸਟਲ ਵਿਚ ਬਣੀਆਂ ਪਾਰਕਿੰਗਾਂ ਵਿਚ ਹੀ ਲਾ ਸਕਣਗੇ।
ਰਜਿਸਟਰਾਰ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਉਪਰ ਵਿੱਤੀ ਬੋਝ ਨਾ ਪਾਉਂਦਿਆਂ ਇਕ ਐਪ ਰਾਹੀਂ ਚੱਲਣ ਵਾਲੇ ਇਨ੍ਹਾਂ ਸਾਈਕਲਾਂ ਦਾ ਕਿਰਾਇਆ ਅਤੇ ਪਾਰਕਿੰਗ ਫੀਸ ਨੂੰ ਬਹੁਤ ਹੀ ਘੱਟ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦਰਵਾਜ਼ਿਆਂ `ਤੇ ਕਾਫੀ ਖੁੱਲ੍ਹੀਆਂ ਪਾਰਕਿੰਗ ਬਣਾਈਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਪਾਰਕਿੰਗ `ਚ ਇਕ ਦਿਨ ਲਈ ਦੋ ਪਹੀਆ ਵਾਹਨ ਲਈ ਪੰਜ ਰੁਪਏ ਅਤੇ ਚਾਰ ਪਹੀਆ ਵਾਹਨ ਲਈ 10 ਰੁਪਏ ਫੀਸ ਰੱਖੀ ਗਈ ਹੈ ਜੋ ਕਿ ਯੂਨੀਵਰਸਿਟੀ ਤੋਂ ਬਾਹਰ ਹੋਣ ਵਾਲੀਆਂ ਪਾਰਕਿੰਗ ਫੀਸ ਤੋਂ ਕਿਤੇ ਘੱਟ ਹੈ। ਦੁਪਹੀਆ ਵਾਹਨ ਲਈ ਮਹੀਨਾਵਾਰ ਪਾਸ 25 ਰੁਪਏ ਅਤੇ ਚਾਰ ਪਹੀਆ ਵਾਹਨ ਲਈ 75 ਰੁਪਏ ਫੀਸ ਰੱਖੀ ਗਈ ਹੈ।
ਪ੍ਰੋ. ਕਾਹਲੋਂ ਨੇ ਕਿਹਾ ਕਿ ਜਿਵੇਂ ਕਿ ਯੂਨੀਵਰਸਿਟੀ ਵਿਚ ਲਾਗੂ ਹੋਣ ਵਾਲੀ ਪ੍ਰਣਾਲੀ ਇਕ ਨਵਾਂ ਪ੍ਰਬੰਧ ਅਤੇ ਇਸ ਸਬੰਧੀ ਭਵਿੱਖ ਵਿਚ ਆਉਣ ਵਾਲੀਆਂ ਤਰੁੱਟੀਆਂ ਨੂੰ ਸਮੇਂ ਸਮੇਂ ਦੂਰ ਕੀਤਾ ਜਾਵੇਗਾ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media