ਹੁਣ ਤੱਕ ਹਾਦਸੇ ਦੇ 46 ਪੀੜਤਾਂ ਨੂੰ ਵੰਡੇ ਸਹਾਇਤਾ ਰਾਸ਼ੀ ਦੇ ਚੈਕ
ਅੰਮ੍ਰਿਤਸਰ, 26, ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਲ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ
5 ਪਰਿਵਾਰਾਂ ਨੂੰ ਅੱਜ ਸਰਕਟ ਹਾਊਸ ਵਿਖੇ ਚੈਕ ਵੰਡੇ । ਸਰਕਟ ਹਾਊਸ ਵਿਖੇ ਹਾਦਸੇ ਦੌਰਾਨ ਜਾਨ ਗੁਆ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਚੈਕ ਵੰਡਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਿੱਧੂ ਨੇ ਜਿਲ੍ਹਾ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਕਿ ਪ੍ਰਸਾਸ਼ਨ ਵੱਲੋਂ ਦਿਨ ਰਾਤ ਇਕ ਕਰਕੇ 4-5 ਮਹੀਨਿਆਂ ਵਿੱਚ ਹੋਣ ਵਾਲੇ ਕੰਮ ਨੂੰ ਕੁੱਝ ਹੀ ਦਿਨਾਂ ਵਿੱਚ ਪੂਰਾ ਕਰਕੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਵੰਡ ਦਿੱਤੀ ਗਈ ਹੈ।ਸਿੱਧੂ ਨੇ ਦੱਸਿਆ ਕਿ ਹੁਣ ਤੱਕ 46 ਪੀੜਤ ਪਰਿਵਾਰਾਂ ਨੂੰ ਚੈਕ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ 12 ਚੈਕ ਆਉਂਦੇ ਇਕ-ਦੋ ਦਿਨਾਂ ਵਿੱਚ ਦੇ ਦਿੱਤੇ ਜਾਣਗੇ।
ਸਿੱਧੂ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਯੋਗ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਅਤੇ ਜੋ ਵਿਅਕਤੀ ਵਡੇਰੀ ਉਮਰ ਦੇ ਹੋਣਗੇ ਸਰਕਾਰ ਉਨ੍ਹਾਂ ਨੂੰ ਪੈਨਸ਼ਨ ਵੀ ਦੇਵੇਗੀ ਅਤੇ ਉਹ ਵੀ ਉਨ੍ਹਾਂ ਦੀ ਆਰਥਿਕ ਮਦਦ ਕਰਨ ਲਈ ਵਚਨਬੱਧ ਹਨ।ਸਿੱਧੂ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਕਿਸੇ ਤੇ ਨਿਰਭਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਰਕਾਰ ਇਨ੍ਹਾਂ ਦੀ ਮਦਦ ਕਰੇਗੀ।ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਦੇ ਬੱਚਿਆਂ ਨੂੰ ਅਡਾਪਟ ਕਰਨ ਲਈ ਕੁੱਝ ਲੋਕ ਅੱਗੇ ਆ ਰਹੇ ਹਨ ਪਰ ਸਰਕਾਰ ਆਪਣੀਆਂ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰਨ ਉਪਰੰਤ ਹੀ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਦੀ ਆਗਿਆ ਦੇਵੇਗੀ।
ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁੱਝ ਲੋਕ ਲਾਸ਼ਾਂ ਦੀ ਰਾਜਨੀਤੀ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਅਡਾਪਟ ਕਰ ਲਿਆ ਗਿਆ ਹੈ ਅਤੇ ਸਰਕਾਰ ਵੀ ਪੂਰੀ ਜਿੰਮੇਵਾਰੀ ਨਾਲ ਇਨ੍ਹਾਂ ਪਰਿਵਾਰਾਂ ਦੀ ਮਦਦ ਕਰੇਗੀ।ਸਿੱਧੂ ਨੇ ਅੱਜ 5 ਪਰਿਵਾਰਾਂ ਨੂੰ ਚੈਕ ਭੇਂਟ ਕਰਦਿਆਂ ਕਿਹਾ ਕਿ ਇਹ ਤਾਂ ਮਦਦ ਦੀ ਇਕ ਸ਼ੁਰੂਆਤ ਹੈ, ਇਸ ਤੋਂ ਅੱਗੇ ਹੋਰ ਬਹੁਤ ਕੁੱਝ ਕਰਨਾ ਇੰਨਾ ਪਰਿਵਾਰਾਂ ਲਈ ਬਾਕੀ ਹੈ, ਜਿਸ ਲਈ ਸਾਡੀ ਸਰਕਾਰ ਦ੍ਰਿੜ ਹੈ ਅਤੇ ਅਸੀਂ ਹਰ ਪੀੜਤ ਘਰ ਦਾ ਚੁੱਲਾ ਬਲਦਾ ਰੱਖਾਂਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰ ਰਵਿੰਦਰ ਸਿੰਘ, ਐਸ.ਡੀ.ਐਮ ਅੰਮਿ੍ਰਤਸਰ-2 ਵਿਕਾਸ ਹੀਰਾ, ਕਾਨੂੰਗੋ ਜਤਿੰਦਰ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media