ਅੰਮ੍ਰਿਤਸਰ 26 ਅਗਸਤ (ਗੁਰਪ੍ਰੀਤ ਸਿੰਘ) – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਫਾਈ ਮੁਹਿੰਮ ਸ਼੍ਰੋਮਣੀ ਕਮੇਟੀ ਵੱਲੋਂ 1 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ । ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌੋਗਿਰਦੇ ਦੀ ਸਫਾਈ ਰੱਖਣ ਲਈ ਅਜ ਸ੍ਰੋਮਣੀ ਕਮੇਟੀ ਦੇ ਸਕੱਤਰ, ਐਡੀ: ਸਕੱਤਰ, ਮੀਤ ਸਕੱਤਰ ਤੇ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਮੀਟਿੰਗ ਕੀਤੀ ਗਈ ਹੈ। ਉਹਨਾਂ ਨੂੰ ਸਫਾਈ ਮੁਹਿੰਮ ਸਬੰਧੀ ਜਰੂਰੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿਚ ਸ੍ਰੋਮਣੀ ਕਮੇਟੀ ਸੰਗਤਾਂ ਦਾ ਸਹਿਯੋਗ ਵੀ ਲਵੇਗੀ। ਚੌਗਿਰਦੇ ਦੀ ਸਫਾਈ ਲਈ ਸ਼੍ਰੋਮਣੀ ਕਮੇਟੀ ਕੁਲ ਤਿੰਨ ਛੋਟੇ ਹਾਥੀ ਜੈਕ ਵਾਲੇ ਵਰਤੋਂ ਵਿੱਚ ਲਿਆਵੇਗੀ। ਜਿਸ ਵਿਚੋਂ ਤੁਰੰਤ ਦੋ ਛੋਟੇ ਹਾਥੀ ਨਵੇਂ ਖਰੀਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਕ ਛੋਟਾ ਹਾਥੀ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਪਾਸੋਂ ਲਿਆ ਜਾਵੇਗਾ। ਇਸ ਤੋਂ ਇਲਾਵਾ ਇਕ ਛੋਟੀ ਸਾਕਰ ਮਸ਼ੀਨ ਵੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਫਾਈ ਕਰਮਚਾਰੀ ਬਕਾਇਦਾ ਵਰਦੀ ਵਿਚ ਹੋਣਗੇ। ਇਕ ਦਿਨ ਵਿਚ ਦੋ-ਤਿੰਨ ਵਾਰ ਸਫਾਈ ਹੋਵੇਗੀ। ਉਨ੍ਹਾਂ ਕਿਹਾ ਕਿ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਰੋਜਾਨਾਂ ਹੀ ਹਜਾਰਾਂ ਸ਼ਰਧਾਲੂ ਆਉਂਦੇ ਹਨ ਪਰ ਜਿਨ੍ਹਾਂ ਰਸਤਿਆਂ ਤੋਂ ਯਾਤਰੂ ਲੰਘ ਕੇ ਆਉਂਦੇ ਹਨ ਉਨ੍ਹਾਂ ਰਸਤਿਆਂ ਦਾ ਸਫਾਈ ਪਖੋਂ ਬੁਰਾ ਹਾਲ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਰਸਤਿਆਂ ਦੀ ਸਫਾਈ ਵੱਲ ਕਾਰਪੋਰੇਸ਼ਨ ਕੋਈ ਤਵਜੋਂ ਨਹੀ ਦੇ ਰਹੀ ਜੋ ਉਚਿਤ ਨਹੀ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਸਫਾਈ ਵਿੱਚ ਸਹਿਯੋਗ ਕਰਨ ਲਈ ਬੇਨਤੀ ਕੀਤੀ ਜਾਵੇਗੀ ਤੇ ਕਿਹਾ ਜਾਵੇਗਾ ਕਿ ਘਰਾਂ ਦਾ ਕੂੜਾ ਲਿਫਾਫਿਆਂ ਵਿੱਚ ਰੱਖਿਆ ਜਾਵੇ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਫਾਈ ਵਾਲੀ ਗੱਡੀ ਤੇ ਕਰਮਚਾਰੀ ਆਉਣ ਉਨ੍ਹਾਂ ਨੂੰ ਦਿੱਤਾ ਜਾਵੇ। ਗਲੀਆਂ ਵਿੱਚ ਕੂੜਾ ਸੁਟਣ ਤੋਂ ਗੁਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਰੂਰਤ ਮਹਿਸੂਸ ਹੋਈ ਤਾਂ ਸ਼੍ਰੋਮਣੀ ਕਮੇਟੀ ਕੂੜਾ ਪਾਉਣ ਲਈ ਲਿਫਾਫਿਆਂ ਦਾ ਪ੍ਰਬੰਧ ਵੀ ਕਰੇਗੀ।
ਪੱਤਰਕਾਰਾਂ ਵੱਲੋਂ ਪੁਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਤਖਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚੋਂ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਘਟਾਉਣੀ ਕਾਂਗਰਸ ਦੀ ਕੋਝੀ ਚਾਲ ਹੈ ਤੇ ਇਸ ਪਾਰਟੀ ਨੇ ਹਮੇਸ਼ਾਂ ਹੀ ਸਿੱਖਾਂ ਨਾਲ ਧੱਕਾ ਕੀਤਾ ਹੈ। ਇਕ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਹੋਣ ਦੇ ਨਾਤੇ ਆਰ.ਐਸ.ਐਸ. ਮੋਹਨ ਭਾਗਵਤ ਨਾਲ ਸਟੇਜ਼ ਸਾਂਝੀ ਨਹੀਂ ਸੀ ਕਰਨੀ ਚਾਹੀਦੀ। ਜੰਮੂ ਕਸ਼ਮੀਰ ਦੇ ਸਿੱਖਾਂ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਹੀ ਕਸ਼ਮੀਰ ਦੇ ਸਿੱਖ ਭਾਈਚਾਰੇ ਨਾਲ ਹੈ, ਸ਼੍ਰੋਮਣੀ ਕਮੇਟੀ ਵੱਲੋਂ ਚਿੱਠੀ ਸਿੰਘਪੁਰਾ ਵਿਖੇ ਸਕੂਲ ਖ੍ਹੋਲਣ ਲਈ 1 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀਆਂ ਗਰੀਬ ਘਰਾਂ ਦੀਆਂ ਬੱਚੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਵਿੱਚ ਫਰੀ ਐਜੂਕੇਸ਼ਨ ਵੀ ਦਿੱਤੀ ਜਾਂਦੀ ਹੈ।
ਇਸ ਮੌਕੇ ਸ.ਦਲਮੇਘ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਬਲਵਿੰਦਰ ਸਿੰਘ ਤੇ ਸ.ਰਣਜੀਤ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਸੰਤੋਖ ਸਿੰਘ, ਸ.ਬਿਜੈ ਸਿੰਘ, ਸ.ਪਰਮਜੀਤ ਸਿੰਘ ਤੇ ਸ.ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ, ਸੁਪ੍ਰਿੰਟੈਂਡੈਂਟ ਸ.ਹਰਮਿੰਦਰ ਸਿੰਘ ਮੂਧਲ ਆਦਿ ਮੌਜੂਦ ਸਨ।