ਸਮਰਾਲਾ, 3 ਨਵੰਬਰ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਸਭਾ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਨਰਿੰਦਰ ਸ਼ਰਮਾ ਦਾ
ਪਲੇਠੇ ਕਾਵਿ ਸੰਗ੍ਰਹਿ ‘ਜਿੱਤ ਕੇ ਆਉਣ ਤੱਕ’ ਦਾ ਲੋਕ ਅਰਪਣ ਸਮਾਰੋਹ 10 ਨਵੰਬਰ ਦਿਨ ਸ਼ਨੀਵਾਰ ਨੂੰ ਸਥਾਨਕ ਸੰਘੂ ਸਵੀਟਸ ਖੰਨਾ ਰੋਡ ਸਮਰਾਲਾ ਵਿਖੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਦੱਸਿਆ ਕਿ ਇਸ ਲੋਕ ਅਰਪਣ ਸਮਾਰੋਹ ਵਿੱਚ ਪੰਜਾਬ ਭਰ ਤੋਂ ਨਾਮਵਰ ਹਸਤੀਆਂ ਭਾਗ ਲੈ ਰਹੀਆਂ ਹਨ, ਜੋ ਨਰਿੰਦਰ ਸ਼ਰਮਾ ਦੀਆਂ ਬਾ-ਕਮਾਲ ਕਵਿਤਾਵਾਂ `ਤੇ ਖੁੱਲ ਕੇ ਗੱਲਬਾਤ ਕਰਨਗੀਆਂ।ਪ੍ਰੌਗਰਾਮ ਦੀ ਪ੍ਰਧਾਨਗੀ ਵਿਦਵਾਨ, ਸ਼ਾਇਰ ਤੇ ਨਾਵਲਕਾਰ ਡਾ. ਮਨਮੋਹਨ ਕਰਨਗੇ ਅਤੇ ਸਾਬਕਾ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਪ੍ਰੋ. ਗੁਰਭਜਨ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪਰਚਾ ਪੰਜਾਬ ਯੂਨੀ: ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਸੁਰਿੰਦਰ ਦਵੇਸ਼ਵਰ ਪੜ੍ਹਨਗੇ ਅਤੇ ਪ੍ਰੋਗਰਾਮ ਦੇ ਮੁੱਖ ਵਕਤਾ ਚਿੰਤਕ ਅਤੇ ਸ਼ਾਇਰ ਜਸਵੰਤ ਸਿੰਘ ਜ਼ਫਰ ਹੋਣਗੇ।ਇਨ੍ਹਾਂ ਤੋਂ ਇਲਾਵਾ ਜਗਦੀਸ਼ ਸਿੰਘ ਖੁਸ਼ਦਿਲ ਸ਼ਾਇਰ, ਜੁਪਿੰਦਰਜੀਤ ਸਿੰਘ ਅੰਗਰੇਜ਼ੀ ਟ੍ਰਿਬਿਊਨ, ਮੈਡਮ ਕੰਚਨ ਇੰਡੀਅਨ ਐਕਸਪ੍ਰੈਸ, ਸੁਸ਼ੀਲ ਦੁਸਾਂਝ ਸੰਪਾਦਕ-ਹੁਣ, ਪ੍ਰਵੇਸ਼ ਸ਼ਰਮਾ, ਬਲਵਿੰਦਰ ਗਰੇਵਾਲ ਕਹਾਣੀਕਾਰ, ਅਜਮੇਰ ਸਿੱਧੂ ਸੰਪਾਦਕ-ਰਾਗ, ਐਡਵੋਕੇਟ ਪਰਮਿੰਦਰ ਸਿੰਘ ਗਿੱਲ ਅਤੇ ਸੁਦੇਸ਼ ਸ਼ਰਮਾ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ।ਲੋਕ ਅਰਪਣ ਸਮਾਰੋਹ ਉਪਰੰਤ ਹਾਜ਼ਰ ਕਵੀਆਂ ਦਾ ਚੋਣਵਾਂ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।
ਉਨ੍ਹਾਂ ਸਮੁੱਚੇ ਇਲਾਕੇ ਦੇ ਸਾਹਿਤ ਪ੍ਰੇਮੀਆਂ, ਖਾਸਕਰ ਨੌਜਵਾਨਾਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media