ਪਾਕਿਸਤਾਨ ਬੈਠੇ ਕੇ.ਐਲ.ਐਫ ਮੁਖੀ ਨਾਲ ਜੁੜੀ ਹਮਲੇ ਦੀ ਕੜੀ – ਮੁੱਖ ਮੰਤਰੀ
ਚੰਡੀਗੜ੍ਹ, 21 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ ’ਤੇ ਹੋਏ ਗ੍ਰਨੇਡ ਹਮਲੇ ਦੇ
72 ਘੰਟਿਆਂ ਤੋਂ ਘੱਟ ਸਮੇਂ ਵਿੱਚ ਦੋ ਵਿਅਕਤੀਆਂ ਵਿੱਚੋਂ ਇਕ ਨੂੰ ਗਿ੍ਰਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਇਸ ਹਮਲੇ ਦੀ ਤਾਰ ਪਾਕਿਸਤਾਨ ਦੀ ਆਈ.ਐਸ.ਆਈ ਨਾਲ ਜੁੜੇ ਹੋਣ ਦਾ ਪ੍ਰਗਟਾਵਾ ਕੀਤਾ ਹੈ।ਇਸ ਹਮਲੇ ਵਿੱਚ ਤਿੰਨ ਵਿਅਕਤੀ ਦੀ ਮੌਤ ਜਦਕਿ 15 ਹੋਰ ਜ਼ਖਮੀ ਹੋ ਗਏ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਕਰਦਿਆਂ ਖੁਲਾਸਾ ਕੀਤਾ ਕਿ ਸ਼ੱਕੀ ਬਿਕਰਮਜੀਤ ਸਿੰਘ ਉਰਫ ਬਿਕਰਮ (26 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਧਾਰੀਵਾਲ (ਥਾਣਾ ਰਾਜਾਸਾਂਸੀ) ਨੂੰ ਅੱਜ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗਿ੍ਰਫਤਾਰ ਕੀਤਾ ਗਿਆ।
ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ) ਵੱਲੋਂ ਕਾਰਜਸ਼ੀਲ ਬਿਕਰਮ ਵੱਲੋਂ ਦਿੱਤੀ ਮਹੱਤਵਪੂਰਨ ਸੂਚਨਾ ਮੁਤਾਬਿਕ ਹਮਲਾਵਰਾਂ ਨੂੰ ਇਹ ਗ੍ਰਨੇਡ ਪਾਕਿਸਤਾਨ ’ਚ ਇਕ ਹੈਪੀ ਨਾਂ ਦੇ ਵਿਅਕਤੀ ਵੱਲੋਂ ਮੁਹੱਈਆ ਕਰਵਾਇਆ ਗਿਆ।
ਹੈਪੀ, ਪਾਕਿਸਤਾਨ ਅਧਾਰਿਤ ਕੈ.ਐਲ.ਐਫ ਦੇ ਮੁਖੀ ਹਰਮੀਤ ਸਿੰਘ ਹੈਪੀ ਉਰਫ ਪੀ.ਐਚ.ਡੀ ਹੋਣ ਦਾ ਅੰਦੇਸ਼ਾ ਹੈ, ਜੋ ਪਕਿਸਤਾਨੀ ਨਿਜ਼ਾਮ ਅਤੇ ਆਈ.ਐਸ.ਆਈ ਦੀ ਸਰਗਰਮ ਭਾਈਵਾਲੀ ਨਾਲ ਸਾਲ 2016-17 ਵਿੱਚ ਲੁਧਿਆਣਾ ਤੇ ਜਲੰਧਰ ਵਿੱਚ ਆਰ.ਐਸ.ਐਸ/ਸ਼ਿਵ ਸੈਨਾ/ਡੀ.ਐਸ.ਐਸ ਲੀਡਰਾਂ ਤੇ ਵਰਕਰਾਂ (ਇਕ ਈਸਾਈ ਪਾਦਰੀ) ਦਾ ਮਿੱਥ ਕੇ ਕਤਲ ਕਰਨ ਦੀਆਂ ਸਾਜ਼ਿਸ਼ਾਂ ਦੇ ਮਨਸੂਬੇ ਘੜਨ ਵਾਲਾ ਹੈ।
ਮੁੱਖ ਮੰਤਰੀ ਨੇ ਇਸ ਹਮਲੇ ਨਾਲ ਕਿਸੇ ਤਰ੍ਹਾਂ ਦਾ ਧਾਰਮਿਕ ਪੱਖ ਜੁੜੇ ਹੋਣ ਨੂੰ ਮੁੱਢੋਂ ਰੱਦ ਕਰ ਦਿੱਤਾ।ਉਨ੍ਹਾਂ ਆਖਿਆ ਕਿ ਨਿਰੰਕਾਰੀ ਭਵਨ ’ਤੇ ਐਤਵਾਰ ਨੂੰ ਹੋਏ ਹਮਲੇ ਨੂੰ ਆਈ.ਐਸ.ਆਈ ਅਤੇ ਪਾਕਿਸਤਾਨੀ ਨਿਜ਼ਾਮ ਵੱਲੋਂ ਇਸ ਅੱਤਵਾਦੀ ਕਾਰਵਾਈ ਰਾਹੀਂ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਇਕ ਹੋਰ ਕੋਸ਼ਿਸ਼ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐਸ.ਆਈ ਚਾਹੁੰਦੀ ਹੈ ਕਿ ਪਾਕਿਸਤਾਨ ਵਿੱਚ ਅੰਦਰੂਨੀ ਸ਼ਾਂਤੀ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਸਰਹੱਦ ’ਤੇ ਗੜਬੜੀ ਜਾਰੀ ਰੱਖੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਆਈ.ਐਸ.ਆਈ ਅਤੇ ਪਾਕਿਸਤਾਨ ਦੇ ਸਥਾਪਤ ਨਿਜ਼ਾਮ ਵੱਲੋਂ ਪੰਜਾਬੀ ਤੇ ਕਸ਼ਮੀਰੀ ਅੱਤਵਾਦੀ ਗਰੁੱਪਾਂ ਨਾਲ ਕੜੀ ਜੋੜਣਾ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਅਜਿਹੀਆਂ ਫੋਰਸਾਂ ਨੂੰ ਸਿਰ ਨਾ ਚੁੱਕਣ ਦੇਣ ਲਈ ਸੂਬੇ ਦੀ ਪੁਲੀਸ ਕੇਂਦਰੀ ਏਜੰਸੀਆਂ ਨਾਲ ਨੇੜਿਓਂ ਕੰਮ ਕਰ ਰਹੀ ਹੈ।ਮੁੱਖ ਮੰਤਰੀ ਨੇ ਦ੍ਰਿੜ ਵਚਨਬੱਧਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਬਹੁਤ ਘਾਲਣਾ ਘਾਲ ਕੇ ਕਾਇਮ ਕੀਤੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਹਰਗਿਜ਼ ਇਜਾਜ਼ਤ ਨਹੀਂ ਦੇਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2018 ਵਿੱਚ ਅੱਤਵਾਦ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚ ਜਲੰਧਰ ਦੇ ਮਕਸੂਦਾਂ ਪੁਲੀਸ ਥਾਣੇ ਅਤੇ ਅੰਮ੍ਰਿਤਸਰ ਦੇ ਨਿਰੰਕਾਰੀ ਭਵਨ ’ਤੇ ਹਮਲੇ ਹੋਏ ਹਨ ਅਤੇ ਪੁਲੀਸ ਨੇ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਸਫਲਤਾਪੂਰਵਕ ਹੱਲ ਕਰ ਲਿਆ ਹੈ।ਪੁਲੀਸ ਨੇ ਮਿੱਥ ਕੇ ਕੀਤੇ ਕਤਲਾਂ ਦੀ ਗੁੱਥੀ ਵੀ ਸੁਲਝਾਈ ਹੈ। ਇਸ ਤੋਂ ਇਲਾਵਾ ਪਿਛਲੇ 18 ਮਹੀਨਿਆਂ ਵਿੱਚ ਬੇਅਦਬੀ ਦੇ ਮਾਮਲਿਆਂ ਨੂੰ ਵੀ ਹੱਲ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਮੁਢਲੀ ਜਾਂਚ ਅਤੇ ਘਟਨਾ ਦੀ ਸੀ.ਸੀ.ਟੀ.ਵੀ ਫੁਟੇਜ ਨਾਲ ਬਿਕਰਮ ਦੀ ਗ੍ਰਿਫਤਾਰੀ ਹੋਈ ਹੈ, ਜਿਸ ਨੇ ਆਪਣੇ ਸਾਥੀ ਦੀ ਪਛਾਣ ਅਵਤਾਰ ਸਿੰਘ ਖਾਲਸਾ (32 ਸਾਲ) ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਚੱਕ ਮਿਸ਼ਰੀ ਖਾਨ, ਲੋਪੋਕੇ (ਅਜਨਾਲਾ), ਅੰਮ੍ਰਿਤਸਰ ਵਜੋਂ ਕੀਤੀ ਹੈ।
ਇਸ ਦੀ ਵਿਸਥਾਰਿਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਆਪਣੀ ਗ੍ਰਿਫਤਾਰੀ ਸਮੇਂ ਬਿਕਰਮ ਇਕ ਮੋਟਰਬਾਈਕ (ਟੀ.ਵੀ.ਐਸ-ਪੀ.ਬੀ-18 ਐਮ 7032) ਚਲਾ ਰਿਹਾ ਸੀ।ਹਮਲੇ ਸਮੇਂ ਬਿਕਰਮ ਵੱਲੋਂ ਵਰਤਿਆ ਗਿਆ ਕਾਲਾ ਬਜਾਜ ਪਲਸਰ ਮੋਟਰਸਾਈਕਲ (ਪੀ.ਬੀ.02-ਬੀ.ਐਫ 9488) ਵੀ ਬਰਾਮਦ ਕਰ ਲਿਆ ਗਿਆ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media