ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਇਕ ਪਵਿੱਤਰ ਨਗਰੀ ਹੋਣ ਕਰਕੇ ਇਥੇ ਦੇ ਨਿਵਾਸੀਆਂ ਦੀ ਆਪਣੇ ਇਸ
ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ।ਇਸ ਜਿੰਮੇਵਾਰੀ ਤੋਂ ਸਾਨੂੰ ਪਿਛੇ ਨਹੀਂ ਰਹਿਣਾ ਚਾਹੀਦਾ ਅਤੇ ਰਲ ਮਿਲ ਕੇ ਸ਼ਹਿਰ ਨੂੰ ਦੇਸ਼ ਭਰ ਵਿਚ ਸਫ਼ਾਈ ਦੇ ਮਾਮਲੇ ਵਿਚ ਵੀ ਮੋਹਰੀ ਬਣਾਉਨਾ ਚਾਹੀਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਿਤੀਸ਼ ਸਿੰਗਲਾ ਨੇ ਅੱਜ ਕਬੀਰ ਪਾਰਕ ਮਾਰਕਿਟ ਵਿੱਚ ਕਰਵਾਏ ਗਏ ‘ਸਵੱਛ ਭਾਰਤ ਮਿਸ਼ਨ’ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਬੋਲਦਿਆਂ ਕੀਤਾ। ਇਹ ਪ੍ਰੋਗਰਾਮ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਥਾਨਕ ਫੀਲਡ ਆਊਟਰੀਚ ਬਿਓਰੋ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸਮੇਤ ਪੂਰੇ ਪੰਜਾਬ ਨੂੰ ਬੀਤੇ ਸਤੰਬਰ ਮਾਹ ਵਿਚ ਕੇਂਦਰ ਸਰਕਾਰ ਵਲੋਂ ‘ਖੁੱਲੇ ਵਿਚ ਖਪਾਨੇ ਤੋਂ ਮੁਕਤ’ ਰਾਜ ਦਾ ਦਰਜਾ ਦੇ ਦਿੱਤਾ ਗਿਆ ਹੈ ਪਰੰਤੂ ਇਸ ਦਰਜੇ ਨੂੰ ਸੰਭਾਲ ਕੇ ਰਖਣਾ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ।
ਨਿਗਮ ਦੇ ਸਫ਼ਾਈ ਸੈਨਿਕਾਂ ਦੀ ਸਹਿਰ ਨੂੰ ਸਵੱਛ ਬਣਾਈ ਰੱਖਣ ਦੀ ਸ਼ਲਾਘਾ ਕਰਦਿਆਂ ਨਿਤੀਸ਼ ਸਿੰਗਲਾ ਨੇ ਉਨ੍ਹਾਂ ਨੂੰ ਸਰਹੱਦ ’ਤੇ ਤੈਨਾਤ ਸੈਨਿਕਾਂ ਨਾਲ ਰਲਾਇਆ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਹੱਦ ’ਤੇ ਤਾਇਨਾਤ ਸੈਨਿਕ ਦੁਸ਼ਮਨਾਂ ਤੋਂ ਸਾਨੂੰ ਸਾਰਿਆਂ ਨੂੰ ਮਹਿਫੂਜ਼ ਰਖਦਾ ਹੈ ਉਸੇ ਤਰ੍ਹਾਂ ਸਫ਼ਾਈ ਸੈਨਿਕ ਸ਼ਹਿਰ ਦੀ ਸਫ਼ਾਈ ਦੇ ਜ਼ਰੀਏ ਸ਼ਹਿਰਵਾਸੀਆਂ ਨੂੰ ਬਿਮਾਰੀਆਂ ਤੋਂ ਮਹਿਫੂਜ ਰਖਦੇ ਹਨ।ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਕੌਂਸਲਰ ਸੁਖਦੇਵ ਸਿੰਘ ਚਾਹਲ ਨੇ ਇਲਾਕਾ ਨਿਵਾਸੀਆਂ ਨੂੰ ਨਿਗਮ ਦੇ ਨਾਲ ਹੱਥ ਮਿਲਾ ਕੇ ਸਫ਼ਾਈ ਰਖਣ ਦਾ ਸੱਦਾ ਦਿੱਤਾ।
ਇਸ ਮੌਕੇ ਵੱਖ-ਵੱਖ ਵਾਰਡਾਂ ਦੇ 5 ਸਭ ਤੋਂ ਚੰਗਾ ਕੰਮ ਕਰਨ ਵਾਲੇ ਸਫ਼ਾਈ ਸੈਨਿਕਾਂ ਨੂੰ ਵਿਸ਼ੇਸ਼ ‘ਸਰਵੋਤਮ ਸਵਛਾਗ੍ਰਹੀ’ ਦੇ ਬਿਲੇ ਅਤੇ ਪ੍ਰਮਾਣ ਪੱਤਰ ਕੇ ਕੇ ਨਿਤੀਸ਼ ਸਿੰਗਲਾ, ਸੁਖਦੇਵ ਸਿੰਘ ਚਾਹਲ ਅਤੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਾਲੀ ਵਲੋਂ ਸਨਮਾਨਿਤ ਕੀਤਾ ਗਿਆ।10 ਐਨ.ਸੀ.ਸੀ ਕੈਡਟਾਂ ਸਮੇਤ ਇਲਾਕੇ ਦੇ 15 ਵਿਅਕਤੀਆਂ ਨੂੰ ਨਗਰ ਨਿਗਮ ਨਾਲ ਸਵੱਛਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੱਛਾਗ੍ਰਹੀ ਵੀ ਬਨਾਇਆ ਗਿਆ।
ਇਸ ਮੌਕੇ ਮਨਦੀਪ ਕੌਰ ਨੇ ਸਵੱਛਤਾ ਮੋਬਾਇਲ ਐਪਲੀਕੇਸ਼ਨ ਨੂੰ ਡਾਊਨਲੋਡ ਕਰਕੇ ਉਸ ਦਾ ਇਸਤੇਮਾਲ ਕਰਨ ਦੀ ਜਾਣਕਾਰੀ ਸਾਂਝੀ ਕੀਤੀ।ਅੰਮ੍ਰਿਤਸਰ ਦੇ ਸਵੱਛਤਾ ਐਂਬੈਸੇਡਰ ਅਰਵਿੰਦਰ ਭੱਟੀ ਨੇ ਵੀ ਲੋਕਾਂ ਨੂੰ ਸੰਬੋਧਿਤ ਕੀਤਾ।ਇਸ ਖੇਤਰ ਦੇ ਚੀਫ ਸੈਨੇਟਰੀ ਇੰਸਪੈਕਟਰ ਨਿਰਭੈ ਸਿੰਘ ਪੰਨੂੰ ਸਮੇਤ ਮਾਰਕਿਟ ਅਤੇ ਰਿਹਾਇਸ਼ੀ ਵੈਲਫੇਅਰ ਕਮੇਟੀਆਂ ਦੇ ਮੈਂਬਰ ਵੀ ਮੌਜੂਦ ਰਹੇ।ਇਸ ਤੋਂ ਪਹਿਲਾਂ ਸਫ਼ਾਈ ਸੈਨਿਕਾਂ ਅਤੇ ਐਨ.ਸੀ.ਸੀ ਕੈਡਿਟਾਂ ਵਲੋਂ ਸਵੱਛਤਾ ਜਾਗਰੂਕਤਾ ਰੈਲੀ ਵੀ ਕੱਢੀ ਗਈ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media