ਅੰਮ੍ਰਿਤਸਰ, 23 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਭਾਰਤ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ
ਸਬੰਧੀ ਕੀਤੀ ਗਈ ਪਹਿਲਕਦਮੀ ਦਾ ਸ਼੍ਰੋਮਣੀ ਕਮੇਟੀ ਨੇ ਭਰਵਾਂ ਸਵਾਗਤ ਕੀਤਾ ਹੈ।ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਸਰਹੱਦ ਤੋਂ ਪਾਕਿਸਤਾਨ ਸਰਹੱਦ ਨਾਲ ਜੁੜਦੇ ਭਾਰਤੀ ਇਲਾਕੇ ਤੱਕ ਲਾਂਘਾ ਬਣਾਉਣ ਦਾ ਫੈਸਲਾ ਸਿੱਖ ਜਗਤ ਲਈ ਤਸੱਲੀ ਵਾਲਾ ਹੈ ਅਤੇ ਇਸ ਨਾਲ ਸਿੱਖਾਂ ਵੱਲੋਂ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਇਸ ਸਬੰਧ ਵਿਚ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰ ਸਬੰਧਤ ਵਿਭਾਗਾਂ ਨਾਲ ਜਿਥੇ ਲਿਖਾ-ਪੜ੍ਹੀ ਕੀਤੀ ਗਈ, ਉਥੇ ਹੀ ਨਿੱਜੀ ਤੌਰ ’ਤੇ ਮਿਲਣੀਆਂ ਵੀ ਕੀਤੀਆਂ ਗਈਆਂ ਸਨ।ਉਨ੍ਹਾਂ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਭਾਵਨਾਵਾਂ ਦੀ ਤਰਜ਼ਮਾਨੀ ਹੋਈ ਹੈ।ਉਨ੍ਹਾਂ ਆਖਿਆ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ 550 ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਲਈ ਇਕ ਵੱਡੀ ਖ਼ੁਸ਼ੀ ਦੀ ਖ਼ਬਰ ਹੈ, ਜਿਸ ਦੀ ਲੰਮੇ ਅਰਸੇ ਤੋਂ ਉਡੀਕ ਕੀਤੀ ਜਾ ਰਹੀ ਸੀ।
ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਭਾਰਤ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਸੁਝਾਵਾਂ ਨੂੰ ਮੰਨਣ ਲਈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਲੰਘੀ 8 ਨਵੰਬਰ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਕਮੇਟੀ ਦੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਸੁਝਾਅ ਦਿੱਤੇ ਗਏ ਸਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸੁਝਾਅ ਅਨੁਸਾਰ ਇੰਟਰ ਫੇਥ ਸੈਂਟਰ ਸਥਾਪਤ ਕਰਨ, ਸ੍ਰੀ ਕਰਤਾਰਪੁਰ ਸਾਹਿਬ ਦਾ ਖੁੱਲ੍ਹਾ ਲਾਂਘਾ ਦੇਣ, ਡੇਰਾ ਬਾਬਾ ਨਾਨਕ ਸਰਹੱਦ ’ਤੇ ਹਾਈਟੈਕ ਕੈਮਰੇ ਲਗਾਉਣ, ਸੁਲਤਾਨਪੁਰ ਲੋਧੀ ਵਿਖੇ ਗੁਰੂ ਸਾਹਿਬ ਦੇ ਨਾਂ ’ਤੇ ਪਿੰਡ ਸਥਾਪਤ ਕਰਨ, ਯੂਨੈਸਕੋ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵਿਸ਼ਵ ਵਿਚ ਪ੍ਰਚਾਰਨ ਅਤੇ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜ਼ਾ ਦੇਣ ਨੂੰ ਪ੍ਰਵਾਨਗੀ ਦੇ ਕੇ ਕੇਂਦਰ ਨੇ ਸਿੱਖ ਸੰਸਥਾ ਨੂੰ ਵੱਡਾ ਮਾਣ ਦਿੱਤਾ ਹੈ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media