ਭੀਖੀ/ਮਾਨਸਾ, 6 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਪ੍ਰੇਰਿਤ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵਲੋਂ ਸਰਕਾਰੀ ਸੈਕੰਡਰੀ ਸਕੂਲ ਮੂਸਾ ਵਿਖੇ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਟੈਕਸ਼ਨ ਅਫ਼ਸਰ ਅਜੈ ਤਾਇਲ ਨੇ ਕਿਹਾ ਕਿ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣਾ ਸਮੇਂ ਦੀ ਜਰੂਰਤ ਹੈ।ਜਿਸ ਨਾਲ ਇਕ ਨਰੋਏ ਸਮਾਜ ਦੀ ਸਥਾਪਨਾ ਕਰਕੇ ਬੱਚਿਆਂ ਦੇ ਭਵਿੱਖ ਨੂੰ ਊਜਵਲ ਕਰ ਸਕਦੇ ਹਾਂ।ਉਨ੍ਹਾਂ ਦੱਸਿਆ ਕਿ ਸੰਗਠਿਤ ਬਾਲ ਸੁਰੱਖਿਆ ਸਕੀਮ ਅਧੀਨ ਅਤੇ ਜੁਵੇਨਿਲ ਜਸਟਿਸ ਐਕਟ-2000 ਅਨੁਸਾਰ ਭਾਰਤ ਸਰਕਾਰ ਤੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਹੈ ਜਿੰਨ੍ਹਾਂ ਦਾ ਮੰਤਵ 0-18 ਸਾਲ ਦੇ ਬੱਚਿਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਜਿਨਸੀ ਸ਼ੋਸ਼ਣ, ਪੋਕਸੋ ਐਕਟ-2012 ਬਾਰੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਸ਼ਲੀਲ ਤਸਵੀਰ, ਅਸ਼ਲੀਲ ਵੀਡੀਓ ਵਿਖਾਉਂਦਾ ਹੈ ਜਾਂ ਕੋਈ ਅਸ਼ਲੀਲ ਹਰਕਤ ਕਰਦਾ ਹੈ ਤਾਂ ਉਹ ਪੋਕਸੋ ਐਕਟ ਅਧੀਨ ਆਉਂਦਾ ਹੈ।ਸਾਨੂੰ ਇਸ ਖਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਹੈ ਅਤੇ ਇਸ ਤਰਾਂ ਦੀ ਹਰ ਸ਼ਿਕਾਇਤ ਚਾਈਲਡ ਹੈਲਪਲਾਈਨ 1098 ਤੇ ਕੀਤੀ ਜਾ ਸਕਦੀ ਹੈ।
ਉਨ੍ਹਾਂ ਵਲੋਂ ਬੱਚਾ ਗੋਦ ਲੈਣ ਦੀ ਪ੍ਰਕਿਰਿਆ, ਜਿਵੇਂ ਕਿ ਰਿਸ਼ਤੇਦਾਰੀ ਵਿਚੋਂ ਬੱਚਾ ਗੋਦ ਲੈਣਾ, ਸਟੈਪ ਅਡਾਪਸ਼ਨ ਜਾਂ ਕਿਸੇ ਅਡਾਪਸ਼ਨ ਏਜੰਸੀ ਰਾਹੀਂ ਬੱਚਾ ਗੋਦ ਲੈਣ ਬਾਰੇ ਵਿਸਥਾਰ ਜਾਣਕਾਰੀ ਸਾਂਝੀ ਕੀਤੀ ਗਈ।
ਆਊਟਰੀਚ ਵਰਕਰ ਹਰਦੀਪ ਕੁਮਾਰ ਸ਼ਰਮਾ ਨੇ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਸਬੰਧੀ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ, ਫੈਕਟਰੀ ਮਾਲਕ, ਹੋਟਲ ਜਾਂ ਢਾਬੇ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਤਾਂ ਉਹ ਬਾਲ ਮਜਦੂਰੀ ਕਾਨੂੰਨ ਦੀ ਉਲੰਘਣਾ ਹੈ।ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਅਤੇ ਬਾਲ ਵਿਆਹ ਸਬੰਧੀ ਸ਼ਿਕਾਇਤ ਜ਼ਿਲ੍ਹਾ ਬਾਲ ਸੁਰਖਿਆ ਦਫ਼ਤਰ ਵਿਖੇ ਦਿੱਤੀ ਜਾ ਸਕਦੀ ਹੈ।
ਇਸ ਮੌਕੇ ਪ੍ਰਿੰਸੀਪਲ ਜਗਮੇਲ ਸਿੰਘ, ਲੈਕਚਰਾਰ ਇੰਦਰ ਕੁਮਾਰ, ਸਿਮਰਤੀ ਜੈਨ, ਮਾਸਟਰ ਰਘਵਿੰਦਰ ਸਿੰਘ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਹਰਪ੍ਰੀਤ ਸਿੰਘ, ਰਾਜੀਵ ਕੁਮਾਰ ਅਤੇ ਮੋਨੀਕਾ ਰਾਣੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media