ਬਟਾਲਾ ਰੇਲਵੇ ਸਟੇਸ਼ਨ `ਤੇ ਇਕ ਹੋਰ ਪਲੇਟਫਾਰਮ ਬਣਾਉਣ ਲਈ ਵੀ ਕਿਹਾ
ਪਠਾਨਕੋਟ, 28 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪਠਾਨਕੋਟ ਜ਼ਿਲ੍ਹੇ ਦੀਆਂ ਰੇਲਵੇ ਨਾਲ ਸਬੰਧਤ ਮੁਸਕਿਲਾਂ ਦੇ ਹੱਲ ਲਈ ਆਖਦਿਆਂ ਪਠਾਨਕੋਟ ਤੋਂ ਚੰਡੀਗੜ੍ਹ ਤੱਕ ਲਈ ਰੋਜਾਨਾ ਟ੍ਰੇਨ ਚਲਾਉਣ ਦੀ ਮੰਗ ਰੱਖੀ ਹੈ।ਉਨ੍ਹਾਂ ਨਾਲ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਵੀ ਹਾਜਰ ਸਨ।
ਇਸ ਸਬੰਧ ਵਿਚ ਸੁਨੀਲ ਜਾਖੜ ਨੇ ਰੇਲਵੇ ਮੰਤਰੀ ਨੂੰ ਦੱਸਿਆ ਕਿ ਪਠਾਨਕੋਟ ਪੰਜਾਬ ਦਾ ਮਹੱਤਵਪੂਰਨ ਜ਼ਿਲ੍ਹਾ ਹੈ, ਪਰ ਇਥੋਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਲਈ ਕੋਈ ਵੀ ਸਿੱਧੀ ਟਰੇਨ ਨਹੀਂ ਹੈ ਜਿਸ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਕਿਹਾ ਕਿ ਪਠਾਨਕੋਟ ਤੋਂ ਇਕ ਨਵੀਂ ਰੋਜਾਨਾ ਯਾਤਰੀ ਗੱਡੀ ਬਰਾਸਤਾ ਜਲੰਧਰ, ਲੁਧਿਆਣਾ ਚਲਾਈ ਜਾਵੇ ਜੋ ਸਵੇਰੇ ਪਠਾਨਕੋਟ ਤੋਂ ਚੱਲ ਕੇ ਚੰਡੀਗੜ੍ਹ ਪੁੱਜੇ ਤੇ ਸ਼ਾਮ ਨੂੰ ਵਾਪਿਸ ਚੰਡੀਗੜ੍ਹ ਤੋਂ ਚੱਲ ਕੇ ਪਠਾਨਕੋਟ ਆਵੇ ਤਾਂ ਜੋ ਲੋਕਾਂ ਨੂੰ ਸਹੁਲਤ ਹੋ ਸਕੇ।
ਇਸੇ ਤਰਾਂ ਲੋਕ ਸਭਾ ਮੈਂਬਰ ਨੇ ਰੇਲਵੇ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਜੰਮੂ ਜਾਣ ਵਾਲੀਆਂ ਸੁਪਰਫਾਸਟ ਰੇਲ ਗੱਡੀਆਂ ਦਾ ਪਠਾਨਕੋਟ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਦਾਖਲਾ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਪਠਾਨਕੋਟ ਕੈਂਟ ਤੋਂ ਹੀ ਸਿੱਧੀਆਂ ਲੰਘ ਜਾਂਦੀਆਂ ਹਨ।ਜਿਸ ਕਾਰਨ ਨਾ ਕੇਵਲ ਪਠਾਨਕੋਟ ਦੇ ਯਾਤਰੀ ਪ੍ਰੇਸ਼ਾਨ ਹਨ ਸਗੋਂ ਇਸ ਨਾਲ ਇੱਥੇ ਆਉਣ ਵਾਲੇ ਸ਼ੈਲਾਣੀ ਜਾਂ ਜਿੰਨ੍ਹਾਂ ਲੋਕਾਂ ਨੇ ਹਿਮਾਚਲ ਵਿਚ ਜਾਣਾ ਹੁੰਦਾ ਹੈ ਉਨ੍ਹਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਉਨ੍ਹਾਂ ਨੇ ਮੰਗੀ ਰੱਖੀ ਕਿ ਐਕਸਪ੍ਰੈਸ ਗੱਡੀਆਂ ਦਾ ਵੀ ਪਠਾਨਕੋਟ ਰੇਲਵੇ ਸਟੇਸ਼ਨ `ਤੇ ਠਹਿਰਾਓ ਕਰਵਾਇਆ ਜਾਵੇ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਇਤਿਹਾਸਕ ਨਗਰ ਬਟਾਲਾ ਨਾਲ ਸਬੰਧਤ ਮੁਸ਼ਕਲਾਂ ਵੀ ਰੇਲਵੇ ਮੰਤਰੀ ਦੇ ਧਿਆਨ ਵਿਚ ਲਿਆਂਉਂਦਿਆਂ ਕਿਹਾ ਕਿ ਇਹ ਸ਼ਹਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਤ ਹੈ ਅਤੇ ਇੱਥੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜਦੀਆਂ ਹਨ, ਪਰ ਇੱਥੋਂ ਦੇ ਰੇਲਵੇ ਸਟੇਸ਼ਨ `ਤੇ ਇਕ ਹੀ ਪਲੇਟਫਾਰਮ ਹੈ।ਉਨ੍ਹਾਂ ਨੇ ਇੱਥੇ ਇਕ ਹੋਰ ਪਲੇਟਫਾਰਮ ਬਣਾਉਣ ਦੀ ਮੰਗ ਰੱਖਣ ਦੇ ਨਾਲ ਨਾਲ ਰੇਲਵੇ ਲਾਇਨਾਂ `ਤੇ ਫੁੱਟ ਪੁੱਲ ਬਣਾਉਣ ਦੀ ਮੰਗ ਵੀ ਰੱਖੀ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਇਸ ਸਟੇਸ਼ਨ ਤੇ ਹੋਰ ਬੁਨਿਆਦੀ ਸਹੁਲਤਾਂ ਵਿਚ ਸੁਧਾਰ ਕਰਨ ਲਈ ਵੀ ਰੇਲਵੇ ਮੰਤਰੀ ਨੂੰ ਕਿਹਾ। ਰੇਲਵੇ ਮੰਤਰੀ ਪਿਊਸ਼ ਗੋਇਲ ਵੱਲੋਂ ਇੰਨ੍ਹਾਂ ਮੰਗਾਂ ਦੇ ਛੇਤੀ ਹੱਲ ਦਾ ਭਰੋਸਾ ਦਿੱਤਾ ਗਿਆ।
Punjab Post Daily Online Newspaper & Print Media