ਮੋਦੀ ਨੇ ਅਹਿਮਦਾਬਾਦ ਲਈ ਬੰਦ ਕਰਵਾਈ ਅੰਮ੍ਰਿਤਸਰ-ਲੰਡਨ ਉਡਾਣ
ਅੰਮ੍ਰਿਤਸਰ, 8 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਵੱਖ-ਵੱਖ ਮੁਲਕਾਂ ਨੂੰ ਉਡਾਣਾਂ ਸ਼ੁਰੂ ਕਰਨ ਸੰਬੰਧੀ ਕੋਈ ਹਾਂ ਪੱਖੀ ਹੁੰਗਾਰਾ
ਨਾ ਦੇਣ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਲੋਕ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਜਾਣ ਵਾਲੀਆਂ ਬੰਦ ਪਈਆਂ ਹਵਾਈ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਲ 2017-18 `ਚ ਵੱਖ-ਵੱਖ ਹਵਾਈ ਉਡਾਣਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਚ 2319995 ਯਾਤਰੂ ਵੱਖ-ਵੱਖ ਦੇਸ਼ਾਂ ਤੋਂ ਆਏ ਤੇ ਗਏ ਸਨ ਅਤੇ 2018-19 `ਚ 25 ਲੱਖ ਦੇ ਕਰੀਬ ਯਾਤਰੂ ਇਥੇ ਆਉਣ ਜਾਣ ਦਾ ਅਨੁਮਾਨ ਹੈ।ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਦੋਵਾਂ ਸਰਕਾਰਾਂ ਦੀ ਸਹਿਮਤੀ ਨਾਲ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੁੱਲਣ ਨਾਲ ਹਰ ਸਾਲ ਇਥੇ ਵਿਦੇਸ਼ਾਂ ਤੋਂ 35 ਲੱੱਖ ਯਾਤਰੂਆਂ ਦੇ ਆਉਣ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਇਸ ਹਵਾਈ ਅੱਡਾ ਤੋਂ ਰੋਜ਼ਾਨਾਂ ਵਿਦੇਸ਼ਾਂ ਤੋਂ 11 ਉਡਾਣਾਂ ਆਉਂਦੀਆਂ ਜਾਂਦੀਆਂ ਹਨ ਅਤੇ ਦਿੱਲੀ `ਚ ਧੁੰਦ ਪੈਣ ਕਾਰਨ ਵੱਡੀਆਂ ਤੋਂ ਵੱਡੀਆਂ ਹਵਾਈ ਉਡਾਣਾਂ ਹੰਗਾਮੀ ਹਾਲਤ `ਚ ਇਥੇ ਉਤਾਰੀਆਂ ਤਾਂ ਜਾ ਸਕਦੀਆਂ ਹਨ, ਪਰ ਇਹ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਹੋਣ ਦੇ ਬਾਵਜੂਦ ਵੀ ਦਿੱਲੀ ਤਖਤ ਵਲੋਂ ਇਸ ਹਵਾਈ ਅੱਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਔਜਲਾ ਨੇ ਅੰਮ੍ਰਿਤਸਰ ਤੋਂ ਲੰਡਨ ਅਤੇ ਟੋਰਾਂਟੋ ਵਿਚਾਲੇ ਚੱਲਣ ਵਾਲੀਆਂ ਬੰਦ ਪਈਆਂ ਹਵਾਈ ਉਡਾਣਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਕਰਦਿਆਂ ਦੱੱਸਿਆ ਕਿ ਜੇਕਰ ਇੰਨ੍ਹਾਂ ਉਡਾਣਾਂ ਨੂੰ ਮੁੜ ਚਾਲੂ ਕਰ ਦਿੱਤਾ ਜਾਵੇ ਤਾਂ ਲੰਡਨ ਅਤੇ ਬਰਮਿੰਘਮ ਦੇ ਆਲੇ ਦੁਆਲੇ ਰਹਿੰਦੇ 5 ਲੱਖ ਅਤੇ ਇਟਲੀ ਤੇ ਜਰਮਨੀ ਰਹਿੰਦੇ 5 ਲੱਖ ਪੰਜਾਬੀ ਪਰਿਵਾਰਾਂ ਅਤੇ ਵੈਨਕੁਵਰ ਅਤੇ ਟੋਰਾਂਟੋ ਵਿਖੇ ਰਹਿਣ ਵਾਲੇ ਕਰੀਬ 4 ਲੱਖ ਪੰਜਬੀਆਂ ਨੂੰ ਸਿੱਧਾ ਲਾਹਾ ਪ੍ਰਾਪਤ ਹੋਵੇਗਾ।ਉਨ੍ਹਾਂ ਅੱਗੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਤੋਂ ਹਵਾਈ ਉਡਾਣਾਂ ਵਧਾਉਣ ਸੰਬੰਧੀ ਸਾਰਾ ਮਸਲਾ ਸੈਕਟਰੀ ਏਵੀਏਸ਼ਨ ਦੇ ਧਿਆਨ ਵਿੱਚ ਕਈ ਵਾਰ ਲਿਆਉਣ ਦੇ ਬਾਵਜ਼ੂਦ ਕੋਈ ਸੁਣਵਾਈ ਨਹੀਂ ਹੋਈ।ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਗੁਜਰਾਤ ਦੇ ਲੋਕਾਂ ਨੂੰ ਫਾਇਦਾ ਦੇਣ ਲਈ ਨਾਦਰਸ਼ਾਹੀ ਫੁਰਮਾਣ ਜਾਰੀ ਕਰਕੇ ਅੰਮ੍ਰਿਤਸਰ ਤੋਂ ਲੰਡਣ ਜਾਣ ਵਾਲੀ ਫਲਾਈਟ ਦੀ ਜਗ੍ਹਾ ਅਹਿਮਦਾਬਾਦ-ਲੰਡਨ ਚਲਾਈ ਹੈ, ਜੋ ਕਿ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ।ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਤੋਂ ਬੰਦ ਕੀਤੀਆਂ ਹਵਾਈ ਉਡਾਣਾਂ ਤੁਰੰਤ ਚਲਾਈਆਂ ਜਾਣ।
Check Also
ਖਾਲਸਾ ਕਾਲਜ ਵਿਖੇ ਨਵੀਂ ਸਿੱਖਿਆ ਨੀਤੀ 2020 ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਭਾਰਤ …
Punjab Post Daily Online Newspaper & Print Media