ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਜਿਲ੍ਹਾ ਪ੍ਰਾਸ਼ਸਨ ਵੱਲੋਂ ਪਹਿਲੀ ਵਾਰ
ਲੋਹੜੀ ਦਾ ਤਿਉਹਾਰ ਸ਼ਹਿਰ ਵਾਸੀਆਂ ਨਾਲ ਮਨਾਇਆ ਗਿਆ।ਇਸ ਦੌਰਾਨ ਜਿੱਥੇ ਲੋਕ ਗੀਤਾਂ, ਗਿੱਧਾ ਅਤੇ ਭੰਗੜੇ ਨੇ ਲੋਕਾਂ ਦਾ ਮਨੋਰੰਜਨ ਕੀਤਾ, ਉਥੇ ਧੀਆਂ ਨਾਲ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਲਈ ਦਰਸਾਉਂਦਾ ਨਾਟਕ ਖੇਡਿਆ ਗਿਆ।ਚੀਨੀ ਡੋਰ ਦੀ ਥਾਂ ਰਿਵਾਇਤੀ ਡੋਰ ਨੂੰ ਉਤਸ਼ਾਹਿਤ ਕਰਨ ਲਈ ਪਤੰਗਬਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਮੇਲੇ ਵਿਚ ਪਹੁੰਚੇ ਸਿੱਖਿਆ ਮੰਤਰੀ ਓ.ਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਸਮੇਤ ਹਾਜ਼ਰ ਸਾਰੇ ਅਧਿਕਾਰੀਆਂ ਨੇ ਵੀ ਪਤੰਗ ਉਡਾਉਣ ਦਾ ਨਜ਼ਾਰਾ ਲਿਆ।
ਲੋਹੜੀ ਮੇਲੇ ਵਿਚ ਖਾਲਾਸਾ ਕਾਲਜ ਪਬਲਿਕ ਸਕੂਲ ਦੇ ਬੱਚਿਆਂ ਅਤੇ ਹਿੰਦੂ ਕਾਲਜ ਦੀ ਵਿਦਿਆਰਥਣ ਸਾਲੋਨੀ ਨੇ ਲੋਕ ਰੰਗ ਗਾ ਕੇ ਅਖਾੜੇ ਵਰਗਾ ਮਾਹੌਲ ਬੰਨ ਦਿੱਤਾ।ਇਸ ਮਗਰੋਂ ਮਾਹਣਾ ਸਿੰਘ ਰੋਡ ਸਰਕਾਰੀ ਕੰਨਿਆ ਸਕੂਲ ਅਤੇ ਮਾਲ ਰੋਡ ਕੰਨਿਆ ਸਕੂਲ ਦੀਆਂ ਬੱਚੀਆਂ ਨੇ ਗਿੱਧਾ ਪੇਸ਼ ਕੀਤਾ।ਰਾਮ ਆਸ਼ਰਮ ਸਕੂਲ ਦੇ ਬੱਚਿਆਂ ਨੇ ਭੰਗੜੇ ਵਿਚ ਬੇਟੀ ਬਚਾਉ-ਬੇਟੀ ਪੜਾਉ ਮੁਹਿੰਮ ਦਾ ਸੱਦਾ ਦਿੱਤਾ।ਸਾਡਾ ਪਿੰਡ ਤੋਂ ਆਈ ਟੀਮ ਨੇ ਗੱਤਕਾ, ਬਾਜ਼ੀਗਰਾਂ ਦਾ ਸ਼ੋਅ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ।ਜੋਤੀ ਬਾਵਾ ਦੇ ਥੀਏਟਰ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਨਾਟਕ ਧੀਆਂ ਨੂੰ ਕੁੱਖ ਵਿਚ ਨਾ ਮਾਰਨ ਅਤੇ ਵੋਟ ਦੀ ਸਹੀ ਵਰਤੋਂ ਕਰਨ ਦਾ ਸੰਦੇਸ਼ ਦੇ ਗਿਆ। ਅੰਮ੍ਰਿਤਸਰ ਦੇ ਪ੍ਰਸਿਧ ਗਾਇਕ ਹਰਿੰਦਰ ਸੰਧੂ ਅਤੇ ਮਨਦੀਪ ਗੋਲਡੀ ਨੇ ਵੀ ਗੀਤ ਗਾ ਕੇ ਵਿਰਸੇ ਦੀ ਪੇਸ਼ਕਾਰੀ ਕੀਤੀ। ਨਹਿਰੂ ਯੁਵਾ ਕੇਂਦਰ ਦੇ ਨੌਜਵਾਨਾਂ ਵੱਲੋਂ ਉਤਸ਼ਾਹ ਤੇ ਜੋਸ਼ ਨਾਲ ਪੇਸ਼ ਕੀਤੇ ਗਏ ਭੰਗੜੇ ਨੇ ਸਮਾਂ ਬੰਨ ਕੇ ਰੱਖ ਦਿੱਤਾ। ਇਸ ਮੌਕੇ ਹੋਲੀ ਹਾਰਟ ਸਕੂਲ ਅਤੇ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਲ ਸਕੂਲ ਦੇ ਬਚਿਆਂ ਨੇ ਕਵੀਸ਼ਰੀ ਅਤੇ ਭੰਗੜੇ ਦੀ ਬਾਖੂਬੀ ਪੇਸ਼ਕਾਰੀ ਕੀਤੀ।ਸਟੇਜ ਦਾ ਸੰਚਾਲਨ ਫਿਲਮੀ ਕਲਾਕਾਰ ਅਰਵਿੰਦਰ ਸਿੰਘ ਭੱਟੀ ਨੇ ਬੜੇ ਸੁੰਦਰ ਲਫਜ਼ਾਂ ਤੇ ਅੰਦਾਜ ਵਿਚ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਸ੍ਰੀਮਤੀ ਅਲਕਾ ਕਾਲੀਆ ਦੀ ਟੀਮ ਵੱਲੋਂ ਪੇਸ਼ਕਾਰੀ ਕਰਨ ਵਾਲੇ ਗਰੁੱਪਾਂ ਨੂੰ ਮੂੰਗਫਲੀ-ਰਿਉੜੀਆਂ ਸੌਗਾਤ ਵਜੋਂ ਦਿੱਤੀਆਂ ਗਈਆਂ।ਪਤੰਗਬਾਜੀ ਵਿਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ 11 ਹਜ਼ਾਰ ਰੁਪਏ ਤੇ ਦੂਸਰਾ ਇਨਾਮ 5 ਹਜ਼ਾਰ ਰੁਪਏ ਦਿੱਤਾ ਗਿਆ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਮੇਲੇ ਤੋਂ ਖੁਸ਼ ਹੋ ਕੇ ਆਪਣੇ ਅਖਿਤਆਰੀ ਫੰਡ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ।ਉਨਾਂ ਮੇਲੇ ਨੂੰ ਹਰ ਸਾਲ ਕਰਵਾਉਣ ਦਾ ਸੱਦਾ ਦਿੱਤਾ।ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਉਦਮ ਦੀ ਸਰਾਹਨਾ ਕਰਦੇ ਹਰ ਸਾਲ ਲੋਹੜੀ ਮੇਲਾ ਲਗਾਉਣ ਦਾ ਐਲਾਨ ਕੀਤਾ ।
ਇਸ ਮੌਕੇ ਕਮਿਸ਼ਨਰ ਪੁਲਿਸ ਐਸ.ਸ੍ਰੀ ਵਾਸਤਵਾ, ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ, ਏ.ਡੀ.ਸੀ.ਪੀ ਹੈਡਕੁਆਰਟਾਰ ਗੌਰਵ ਤੂਰਾ, ਐਸ.ਡੀ.ਐਮ ਮਜੀਠਾ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸੌਰਵ ਅਰੋੜਾ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿਤਲ, ਕਾਂਗਰਸ ਆਗੂ ਸ੍ਰੀਮਤੀ ਮਮਤਾ ਦੱਤਾ, ਐਸ.ਪੀ ਹਰਪਾਲ ਸਿੰਘ, ਐਸ.ਡੀ.ਐਮ ਬਾਬਾ ਬਕਾਲਾ ਦੀਪਕ ਭਾਟੀਆ, ਹਵਾਈ ਫੌਜ ਦੇ ਗਰੁੱਪ ਕੈਪਟਨ ਐਮ.ਐਸ ਟਾਂਗਰੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media