Wednesday, March 11, 2026

ਪ੍ਰਦੂਸ਼ਣ ਨੂੰ ਰੋਕਣ ਲਈ 15 ਸਾਲ ਪੁਰਾਣੇ ਵਾਹਨਾਂ ’ਤੇ ਕੱਸਿਆ ਜਾਵੇਗਾ ਸ਼ਿਕੰਜਾ – ਜਿਲ੍ਹਾ ਪ੍ਰਸ਼ਾਸਨ

ਕੂੜਾ ਸਾੜਣ ਵਾਲਿਆਂ ਨੂੰ ਵੀ ਕੀਤਾ ਜਾਵੇਗਾ ਜੁਰਮਾਨਾ
ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਸ਼ਹਿਰ ਵਿਚ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ PUNJ2001201907ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਪ੍ਰਦੂਸ਼ਣ, ਟਰੈਫਿਕ ਪੁਲਿਸ, ਟਰਾਂਸਪੋਰਟ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਨਅਤ, ਸਿੱਖਿਆ ਤੇ ਸਿਹਤ ਸਮੇਤ ਅਹਿਮ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਯੋਜਨਾਬੰਦੀ ਕੀਤੀ।ਸੰਘਾ ਨੇ ਕਿਹਾ ਕਿ ਸ਼ਹਿਰ ਯਾਤਰੀਆਂ ਤੇ ਸੈਲਾਨੀਆਂ ਦੀ ਗਿਣਤੀ ਵਧਣ ਨਾਲ ਵਾਹਨਾਂ ਦੀ ਗਿਣਤੀ ਲਗਾਤਾਰ ਵਧੀ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਸੜਕਾਂ ’ਤੇ ਲੱਗਦੇ ਜਾਮ ਘੱਟ ਕਰਕੇ ਵਾਹਨਾਂ ਦਾ ਆਉਣਾ-ਜਾਣਾ ਸੁਖਾਲਾ ਕੀਤਾ ਜਾਵੇ ਤਾਂ ਪ੍ਰਦੂਸ਼ਣ ਕਾਫੀ ਘਟ ਸਕਦਾ ਹੈ।ਉਨਾਂ ਇਸ ਲਈ ਟਰਾਂਸਪੋਰਟ ਅਤੇ ਟ੍ਰੈਫਿਕ ਪੁਲਿਸ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ।ਉਨਾਂ ਨਿਗਮ ਤੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ’ਤੇ ਹੁੰਦੇ ਨਾਜਾਇਜ਼ ਕਬਜ਼ੇ ਬੰਦ ਕਰਵਾਏ ਜਾਣ ਤਾਂ ਜੋ ਵਾਹਨਾਂ ਨੂੰ ਸੜਕ ’ਤੇ ਲੰਮਾ ਸਮਾਂ ਰੁਕਣਾ ਨਾ ਪਵੇ ਤੇ ਆਵਾਜਾਈ ਅਸਾਨ ਬਣੇ।
ੱਸੰਘਾ ਨੇ ਡੀਜ਼ਲ ਤੇ ਪੈਟਰੋਲ ਨਾਲ ਚੱਲਦੇ ਆਟੋ ਰਿਕਸ਼ੇ ਨੂੰ ਘੱਟ ਕਰਨ ਲਈ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਤੇ ਕਾਲਜਾਂ ਵਿਚ ਪਹੁੰਚ ਕਰਕੇ ਬੱਚਿਆਂ ਨੂੰ ਪ੍ਰੇਰਿਤ ਕਰਨ ਕਿ ਉਹ ਆਉਣ-ਜਾਣ ਲਈ ਸੀ.ਐਨ.ਜੀ ਅਤੇ ਈ-ਰਿਕਸ਼ਾ ਨੂੰ ਤਰਜ਼ੀਹ ਦੇਣ, ਜਿਸ ਨਾਲ ਪ੍ਰਦੂਸ਼ਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।ਉਨਾਂ ਇਸ ਲਈ ਸਾਰੇ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਵਿਚ ਪੜਦੇ ਵਿਦਿਆਰਥੀਆਂ ਕੋਲੋਂ ਸੰਕਲਪ ਲੈਣ ਦੀ ਹਦਾਇਤ ਸਿੱਖਿਆ ਵਿਭਾਗ ਨੂੰ ਕੀਤੀ।ਉਨਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਪੈਟਰੋਲ ਪੰਪਾਂ ਦੀ ਨਿੰਰਤਰ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਤਾਂ ਜੋ ਤੇਲ ਵਿਚ ਹੁੰਦੀ ਮਿਲਾਵਟ ਨੂੰ ਰੋਕ ਕੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਉਨਾਂ 15 ਸਾਲ ਪੁਰਾਣੇ ਵਾਹਨਾਂ ਨੂੰ ਰੋਕਣ ਲਈ ਪੁਲਿਸ ਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕਰਦੇ ਕਿਹਾ ਕਿ ਇਹ ਪੁਰਾਣੀਆਂ ਗੱਡੀਆਂ ਆਮ ਨਾਲੋਂ ਵੱਧ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ, ਇਸ ਲਈ ਇੰਨਾਂ ਉਤੇ ਨਕੇਲ ਪਾਈ ਜਾਵੇ।ਉਨਾਂ ਕੂੜਾ ਸਾੜਣ ਵਾਲੇ ਦੁਕਾਨਦਾਰਾਂ ਤੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਜੁਰਮਾਨਾ ਲਗਾਉਣ ਦੀ ਹਦਾਇਤ ਵੀ ਕੀਤੀ।
          ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਚੱਲਦੀ ਛੋਟੀ ਸਨਅਤ ਨੂੰ ਫੋਕਲ ਪੁਆਇੰਟ ਜਾਂ ਸਨਅਤੀ ਇਲਾਕੇ ਵਿਚ ਤਬਦੀਲ ਕਰਨ ਲਈ ਰਣਨੀਤੀ ਬਨਾਉਣ ਵਾਲੇ ਸਨਅਤ ਵਿਭਾਗ ਨੂੰ ਕਿਹਾ ਤਾਂ ਜੋ ਕਿਸੇ ਦਾ ਰੋਜ਼ਗਾਰ ਗੁਵਾਏ ਬਿਨਾਂ ਉਨਾਂ ਨੂੰ ਰਿਹਾਇਸ਼ੀ ਇਲਾਕੇ ਵਿਚੋਂ ਕੱਢਿਆ ਜਾ ਸਕੇ।ਸੰਘਾ ਨੇ ਪੰਜਾਬ ਸਰਕਾਰ ਵੱਲੋਂ 550 ਰੁੱਖ ਹਰੇਕ ਪਿੰਡ ਵਿਚ ਲਗਾਉਣ ਦੀ ਯੋਜਨਾ ਦਾ ਸਵਾਗਤ ਕਰਦੇ ਕਿਹਾ ਕਿ ਇਸ ਯੋਜਨਾ ਤਹਿਤ ਆਪਾਂ ਸਾਰੇ ਦਫਤਰ, ਸਕੂਲ, ਕਾਲਜ ਤੇ ਹੋਰ ਥਾਵਾਂ ’ਤੇ ਗੀਰਨ ਬੈਲਟ ਬਣਾਈਏ, ਜਿਸ ਨਾਲ ਵੱਧ ਆਕਸੀਜਨ ਪੈਦਾ ਹੋ ਸਕੇ।ਉਨਾਂ ਇਸ ਲਈ ਸਾਰੇ ਵਿਭਾਗਾਂ ਨੂੰ ਖਾਲੀ ਪਈਆਂ ਥਾਵਾਂ ’ਤੇ ਦਰਖਤ ਲਗਾਉਣ ਲਈ ਐਕਸ਼ਨ ਯੋਜਨਾ ਤਿਆਰ ਕਰਨ ਦੇ ਹੁੱਕਮ ਵੀ ਦਿੱਤੇ।
       ਡਿਪਟੀ ਕਮਿਸ਼ਨਰ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਉਹ ਘੱਟ ਤੋਂ ਘੱਟ ਬਿਜਲੀ ਕੱਟ ਲਗਾਉਣ, ਤਾਂਜੋ ਲੋਕ ਜਰਨੇਟਰ ਦੀ ਵਰਤੋਂ ਘੱਟ ਕਰਕੇ ਹਵਾ ਤੇ ਸ਼ੋਰ ਪ੍ਰਦੂਸ਼ਣ ਨੂੰ ਕਾਬੂ ਕਰ ਸਕਣ।ਮੀਟਿੰਗ ਵਿਚ  ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ ਅਤੇ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਪ੍ਰਦੂਸ਼ਣ ਵਿਭਾਗ ਦੇ ਚੀਫ ਇੰਜੀਨੀਅਰ ਗੁਰਿੰਦਰ ਸਿੰਘ ਮਜੀਠੀਆ, ਐਸ.ਡੀ.ਓ ਸੁਖਦੇਵ ਸਿੰਘ ਤੇ ਕਮਲਜੀਤ ਸਿੰਘ, ਏ.ਡੀ.ਸੀ.ਪੀ ਟ੍ਰੈਫਿਕ ਦਿਲਬਾਗ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਹਾਜ਼ਰ ਸਨ।

Check Also

ਛੀਨਾ ਨੇ ਖ਼ਾਲਸਾ ਕਾਲਜ ਵੈਟਰਨਰੀ ਦੀ ਪੁਸਤਕ ਅਤੇ ਵਿਦਿਆਰਥੀ ਮੈਗਜ਼ੀਨ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ …

Leave a Reply