ਕਰਜ਼ੇ `ਚ ਫਸੇ ਕਿਸਾਨਾਂ ਦੀ ਬਾਂਹ ਨਾ ਫੜਨ ਕਰਕੇ ਕੈਪਟਨ ਕੇਂਦਰ ਸਰਕਾਰ `ਤੇ ਵਰੇ
ਸ੍ਰੀ ਆਨੰਦਪੁਰ ਸਾਹਿਬ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਦੇ ਜਾਲ ਵਿੱਚ ਫਸੇ ਕਿਸਾਨਾਂ ਦੀ
ਬਾਂਹ ਨਾ ਫੜਨ `ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ `ਤੇ ਵਰਦਿਆਂ ਕਿਹਾ ਹੈ ਕਿ ਜੇਕਰ ਕੇਂਦਰ ਨੇ ਕਿਸਾਨਾਂ ਪ੍ਰਤੀ ਆਪਣਾ ਵਤੀਰਾ ਨਾ ਬਦਲਿਆਂ ਤਾਂ ਪੰਜਾਬ ਸਮੇਤ ਦੇਸ਼ ਦੇ ਬਾਕੀ ਰਾਜਾਂ ਵਿੱਚ ਕਿਸਾਨ ਖੁਦਕੁਸ਼ੀਆਂ ਨਹੀਂ ਰੁਕਣਗੀਆਂ। ਪੰਜਾਬ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਆਪਣੇ ਤੌਰ `ਤੇ ਕਿਸਾਨਾਂ ਨੂੰ ਕਰਜ਼ੇ ਦੇ ਸੰਕਟ `ਚੋਂ ਨਹੀਂ ਕੱਢ ਸਕਦੇ ਜਿਸ ਕਰਕੇ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਵੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਯਤਨ ਨਾ ਕਾਫੀ ਹਨ ਜਿਸ ਕਰਕੇ ਕੇਂਦਰ ਸਰਕਾਰ ਕਿਸਾਨਾਂ ਦਾ ਕਰਜ਼ ਮਾਫ ਕਰੇ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਵਿਰਸੇ ਵਿੱਚ 2.08 ਲੱਖ ਕਰੋੜ ਦਾ ਕਰਜ਼ਾ ਮਿਲਿਆ ਸੀ, ਜਿਸ ਕਰਕੇ ਉਹ ਪੰਜਾਬ ਸਰਕਾਰ ਦੇ ਸੀਮਤ ਸਾਧਨਾਂ ਵਿੱਚੋਂ ਜੋ ਵੱਧ ਤੋਂ ਵੱਧ ਹੋ ਸਕਦਾ ਸੀ, ਉਹ ਕਿਸਾਨਾਂ ਲਈ ਕਰ ਰਹੇ ਹਨ। ਉਨਾਂ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ `ਤੇ ਅਨੇਕਾਂ ਵਾਰ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਮਿਲ ਕੇ ਮੰਗ ਕਰ ਚੁੱਕੇ ਹਨ ਪਰ ਉਹ ਕਿਸਾਨਾਂ ਦੀ ਗੰਭੀਰ ਹਾਲਤ ਨੂੰ ਸਮਝਣ ਵਿੱਚ ਨਾਕਾਮ ਰਹੇ ਹਨ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਸ ਪੜਾਅ ਤਹਿਤ ਸਹਿਕਾਰੀ ਬੈਂਕਾਂ ਦੇ 1.42 ਲੱਖ ਕਿਸਾਨਾਂ ਨੂੰ 1009 ਕਰੋੜ ਦੀ ਕਰਜ਼ਾ ਰਾਹਤ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਤੀਜੇ ਪੜਾਅ ਦੇ ਮੁਕੰਮਲ ਹੋਣ ਉਪਰੰਤ ਚੌਥੇ ਪੜਾਅ ਤਹਿਤ ਵਪਾਰਕ ਬੈਂਕਾਂ ਦੇ 18000 ਕਿਸਾਨਾਂ ਨੂੰ ਕਰਜ਼ ਰਾਹਤ ਸਕੀਮ ਅਧੀਨ ਕਵਰ ਕੀਤਾ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਪ੍ਰਦਾਨ ਕਰਨ ਲਈ ਛੋਟੇ ਤੇ ਸੀਮਾਂਤ ਕਿਸਾਨਾਂ ਲਈ 2 ਲੱਖ ਰੁਪਏ ਪ੍ਰਤੀ ਕਿਸਾਨ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ ਦੇ 3.18 ਲੱਖ ਸੀਮਾਂਤ ਕਿਸਾਨਾਂ ਨੂੰ 1815 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਤਹਿਤ ਲਾਭ ਪਹੁੰਚਾਉਣ ਤੋਂ ਇਲਾਵਾ ਵਪਾਰਕ ਬੈਂਕਾਂ ਦੇ 1.04 ਲੱਖ ਛੋਟੇ ਕਿਸਾਨਾਂ ਨੂੰ 1689 ਕਰੋੜ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਜਾ ਚੁੱਕੀ ਹੈ।ਤੀਜੇ ਪੜਾਅ ਦੌਰਾਨ ਰੋਪੜ ਜ਼ਿਲੇ ਦੇ ਕੁੱਲ ਲਾਭਪਾਤਰੀਆਂ ਵਿੱਚੋਂ 2413 ਕਿਸਾਨਾਂ ਨੇ ਅੱਜ 17.74 ਕਰੋੜ ਦੇ ਕਰਜ਼ਾ ਰਾਹਤ ਸਰਟੀਫਿਕੇਟ ਪ੍ਰਾਪਤ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵਲੋਂ 30 ਜੂਨ ਤੱਕ 61000 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਵਿੱਚੋਂ 2000 ਕਰੋੜ ਦੀ ਲਾਗਤ ਨਾਲ 16000 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਪੇਂਡੂ ਲਿੰਕ ਸੜਕਾਂ `ਤੇ ਪੁਲਾਂ ਦੀ ਮੁਰੰਮਤ `ਤੇ 200 ਕਰੋੜ ਰੁਪਏ ਖਰਚੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਉਨਾਂ ਦੀਆਂ ਫ਼ਸਲਾਂ ਦੇ ਵਧੀਆ ਮੰਡੀਕਰਨ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਮੰਡੀ ਬੋਰਡ ਨੂੰ ਸਾਰੀਆਂ ਦਾਣਾ ਅਤੇ ਸਬਜ਼ੀ ਮੰਡੀਆਂ ਦੀ ਮੁਰੰਮਤ ਤੇ ਸੁਧਾਰ ਲਈ 700 ਕਰੋੜ ਰੁਪਏ ਖਰਚੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪੜਾਅ ਦੌਰਾਨ ਜੂਨ, 2020 ਤੱਕ 14000 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਨੂੰ 1400 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਵਾਧੂ ਸੜਕਾਂ ਦੀ ਮੁਰੰਮਤ `ਤੇ ਦਸੰਬਰ, 2020 ਤੱਕ 750 ਕਰੋੜ ਰੁਪਏ ਅਤੇ ਪੇਂਡੂ ਲਿੰਕ ਸੜਕਾਂ ਦੇ ਪੁਲਾਂ ਦੀ ਮੁਰੰਮਤ ਤੇ ਨਵੀਨੀਕਰਨ `ਤੇ ਵੀ ਦਸੰਬਰ 2020 ਤੱਕ 200 ਕਰੋੜ ਰੁਪਏ ਖਰਚੇ ਜਾਣਗੇ ਜਿਸ `ਤੇ ਕੰਮ ਸ਼ੁਰੂ ਹੋ ਚੁੱਕਾ ਹੈ।
ਉਨਾਂ ਕਿਹਾ ਕਿ ਬਾਸਮਤੀ ਦਾ ਪਿਛਲੇ ਸਾਲ 2600-3600 ਪ੍ਰਤੀ ਕੁਇੰਟਲ ਦੇ ਮੁਕਾਬਲੇ ਇਸ ਸਾਲ 3600-4000 ਪ੍ਰਤੀ ਕੁਇੰਟਲ ਮੁੱਲ ਮਿਲਿਆ ਹੈ।ਮੰਡੀ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਈ-ਨੈਮ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਈ-ਨੈਮ 19 ਮੰਡੀਆਂ ਵਿੱਚ ਕਿਸਾਨਾਂ ਨੂੰ ਉਨਾਂ ਦੀਆਂ ਫਸਲਾਂ ਦਾ ਆਨਲਾਈਨ ਬੋਲੀ ਰਾਹੀਂ ਵਧੀਆ ਮੁੱਲ ਦਿਵਾਉਣ ਲਈ ਸ਼ੁਰੂ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਇਸ ਸਕੀਮ ਤਹਿਤ 16 ਹੋਰ ਮੰਡੀਆਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਕਿਸਾਨਾਂ ਨੂੰ ਉਨਾਂ ਦੀਆਂ ਪਿਛਲੀਆਂ ਚਾਰ ਫਸਲਾਂ ਦੀ ਨਿਰਵਿਘਨ ਖਰੀਦ ਅਤੇ ਇਸ ਸਾਲ ਵੀ ਕਣਕ ਦੀ ਸੁਚਾਰੂ ਖਰੀਦ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲ ਸੀਜ਼ਨਾਂ ਦੌਰਾਨ ਵੀ ਉਨਾਂ ਦੀਆਂ ਫ਼ਸਲਾਂ ਨਿਰਵਿਘਨ ਢੰਗ ਨਾਲ ਖਰੀਦ ਕੀਤੀਆਂ ਜਾਣਗੀਆਂ।
ਇਸ ਮੌਕੇ ਮੁੱਖ ਤੌਰ `ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜ਼ਿਲਾ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਸਹਿਕਾਰਤਾ ਵਿਭਾਗ ਦੇ ਸਕੱਤਰ ਵਿਕਾਸ ਗਰਗ, ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ, ਰੂਪਨਗਰ ਡਿਵੀਜ਼ਨ ਦੇ ਕਮਿਸ਼ਨਰ ਆਰ.ਕੇ. ਕੌਸ਼ਿਕ, ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਅਤੇ ਐਸ.ਐਸ.ਪੀ ਸਵਪਨ ਸ਼ਰਮਾ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media