Monday, April 27, 2026

ਖੇਡ ਵਿਭਾਗ ਤੇ ਡੇਲੀ ਵਰਲਡ ਵਲੋਂ ਕਰਵਾਈ ਜਾਵੇਗੀ `ਫੁਲ ਮੈਰਾਥਾਨ`

31 ਮਾਰਚ ਨੂੰ ਮੈਰਾਥਾਨ ਮੌਕੇ ਦਿੱਤੇ ਜਾਣਗੇ 20 ਲੱਖ ਦੇ ਨਕਦ ਇਨਾਮ
ਚੰਡੀਗੜ, 25 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਚੰਡੀਗੜ ਤੋਂ ਛੱਪਦੇ ਭਾਰਤ ਦੇ ਅਖਬਾਰ ਡੇਲੀ ਵਰਲਡ ਵਲੋਂ 31 Rana Gurmeet Sofhiਮਾਰਚ ਨੂੰ  ਕੌਮਾਂਤਰੀ ਪੱਧਰ ਦੇ ਨਿਯਮਾਂ ਮੁਤਾਬਿਕ ਚਿੱਪ ਟਾਈਮਡ (ਵਿਸ਼ੇਸ਼ ਚਿੱਪ ਸਹਿਤ)  ਫੁਲ ਮੈਰਾਥਾਨ ਕਰਵਾਈ ਜਾਵੇਗੀ।42 ਕਿਲੋਮੀਟਰ ਦੀ ਫੁਲ ਮੈਰਾਥਾਨ, 21 ਕਿਲੋਮੀਟਰ ਦੀ ਹਾਫ ਮੈਰਾਥਾਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੇ ਮੋਹਾਲੀ ਵਿਖੇ ਹੋਣ ਵਾਲੇ ਰਾਜ ਪੱਧਰੀ ਮੁੱਖ ਮੁਕਾਬਲਿਆਂ ਤੋਂ ਇਲਾਵਾ ਉਸੇ ਦਿਨ ਸੂਬੇ ਭਰ ਦੇ ਜ਼ਿਲਿਆਂ ਵਿੱਚ 5 ਕਿਲੋਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।ਇਸ ਮੈਰਾਥਾਨ ਦਾ ਮੁੱਖ ਮਕਸਦ ਹੋਵੇਗਾ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਊਰਜਾਵਾਨ ਬਣਾਉਣਾ।
ਇਸ ਸਬੰਧੀ ਐਲਾਨ ਅੱਜ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਵਧੀਕ ਮੁੱਖ ਸਕੱਤਰ (ਖੇਡਾਂ ਤੇ ਯੁਵਕ ਸੇਵਾਵਾਂ) ਪੰਜਾਬ ਸੰਜੇ ਕੁਮਾਰ ਅਤੇ ਡੇਲੀ ਵਰਲਡ ਦੇ ਸੀ.ਈ.ਓ ਐਚ.ਐਸ ਗੁਜਰਾਲ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ।ਇਸ ਮੌਕੇ ਡਾਇਰੈਕਟਰ (ਖੇਡਾਂ) ਪੰਜਾਬ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਤੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਵਿਭਾਗ ਦੇ ਹੋਰ ਸੀਨੀਅਰ ਅਫ਼ਸਰਾਂ ਤੋਂ ਇਲਾਵਾ ਰੇਸ ਡਾਇਰੈਕਟਰ ਧਰਮਿੰਦਰ ਸ਼ਰਮਾ ਵੀ ਹਾਜ਼ਰ ਸਨ।
ਇਸ ਮੈਰਾਥਾਨ ਦੇ ਰਾਜ ਪੱਧਰ `ਤੇ ਹੋਣ ਵਾਲੇ ਮੁੱਖ ਮੁਕਾਬਲਿਆਂ ਵਿੱਚ 5,000 ਤੋਂ ਜਿਆਦਾ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਦੌੜਾਕ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਉਸੇ ਦਿਨ ਸੂਬੇ ਦੇ 22 ਵੱਖੋ-ਵੱਖ ਜਿਲਾ ਹੈਡਕੁਆਰਟਰਾਂ ਵਿਖੇ ਹੋਣ ਵਾਲੀ 5 ਕਿਲੋਮੀਟਰ ਦੀ ਦੌੜ ਵਿੱਚ ਤਕਰੀਬਨ 50,000 ਪ੍ਰਤੀਭਾਗੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ, “ਐਨਰਜਾਈਜਿੰਗ ਦ ਯੂਥ ਫਾਰ ਏ ਤੰਦਰੁਸਤ ਪੰਜਾਬ“ ਦੀ ਵਿਚਾਰਧਾਰਾ ਨੂੰ ਰੂਪਮਾਨ ਕਰਦੇ ਹੋਏ ਰਾਜ ਪੱਧਰੀ ਮੁੱਖ ਮੁਕਾਬਲੇ ਮੋਹਾਲੀ ਦੇ ਸੈਕਟਰ 78 ਵਿਖੇ ਸਥਿਤ ਖੇਡ ਕੰਪਲੈਕਸ ਤੋਂ ਝੰਡੀ ਦਿਖਾ ਕੇ ਸ਼ੁਰੂ ਕਰਵਾਏ ਜਾਣਗੇ। ਉਨਾਂ ਅੱਗੇ ਕਿਹਾ ਕਿ ਮੁੱਖ ਮੁਕਾਬਲਿਆਂ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਅਥਲੀਟਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਖੇਡ ਵਿਭਾਗ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜਿਲਾ ਖੇਡ ਅਫ਼ਸਰਾਂ ਵੱਲੋਂ ਆਪੋ ਆਪਣੇ ਜ਼ਿਲਿਆਂ ਵਿੱਚ ਡੇਲੀ ਵਰਲਡ ਦੀ ਟੀਮ ਦੇ ਸਹਿਯੋਗ ਨਾਲ 5 ਕਿਲੋਮੀਟਰ ਦੌੜ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਵਧੀਕ ਮੁੱਖ ਸਕੱਤਰ, ਖੇਡਾਂ ਤੇ ਯੁਵਕ ਮਾਮਲੇ ਵਿਭਾਗ, ਸ੍ਰੀ ਸੰਜੇ ਕੁਮਾਰ ਨੇ ਕਿਹਾ ਕਿ ਨੌਜਵਾਨ ਪਨੀਰੀ ਨੂੰ ਸਿਹਤਮੰਦ ਬਣਾਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨਾ ਸੂਬਾ ਸਰਕਾਰ ਦਾ ਮੁੱਖ ਮਕਸਦ ਹੈ।ਡੇਲੀ ਵਰਲਡ ਦੇ ਸੀ.ਈ.ਓ. ਸ੍ਰੀ ਐਚ.ਐਸ. ਗੁਜਰਾਲ ਨੇ ਇਸ ਮੌਕੇ ਕਿਹਾ ਕਿ ਇਹ ਅਖਬਾਰ ਚੰਡੀਗੜ ਪ੍ਰਸ਼ਾਸਨ ਦੇ ਸਹਿਯੋਗ ਨਾਲ 2017 ਵਿੱਚ ਕੌਮਾਂਤਰੀ ਪੱਧਰ ਦੀ ਫੁਲ ਮੈਰਾਥਾਨ ਕਰਵਾਉਣ ਵਾਲਾ ਪਹਿਲਾ ਅਦਾਰਾ ਬਣਿਆ ਸੀ ਅਤੇ ਇਸ ਵੱਲੋਂ 2017 ਅਤੇ 2018 ਵਿੱਚ ਬੇਹਦ ਕਾਮਯਾਬੀ ਨਾਲ ਮੈਰਾਥਾਨ ਦਾ ਆਯੋਜਨ ਕੀਤਾ ਗਿਆ ਸੀ।
ਇਨਾਮੀ ਰਕਮ ਬਾਰੇ ਵੇਰਵੇ ਦਿੰਦੇ ਹੋਏ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਇਸ ਮੌਕੇ 20 ਲੱਖ ਤੋਂ ਜਿਆਦਾ ਦੀ ਇਨਾਮੀ ਰਕਮ ਵਾਲੇ ਕੁੱਲ 90 ਇਨਾਮ ਦਿੱਤੇ ਜਾਣਗੇ।ਫੁੱਲ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 2 ਲੱਖ ਰੁਪਏ ਦਾ ਇਨਾਮ ਮਿਲੇਗਾ ਜਦੋਂ ਕਿ ਹਾਫ ਮੈਰਾਥਾਨ (ਪੁਰਸ਼/ਮਹਿਲਾ) ਦੇ ਜੇਤੂਆਂ ਨੂੰ ਪ੍ਰਤੀ ਵਰਗ 1.25 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ 45-50, 50-55, 55-60, 60-65 ਅਤੇ 65 ਸਾਲ ਤੋਂ ਜਿਆਦਾ ਦੇ ਉਮਰ ਵਰਗ ਵਾਲੇ ਵਿਅਕਤੀਆਂ ਲਈ ਵੀ ਕੁੱਲ 60 ਵਿਸ਼ੇਸ਼ ਇਨਾਮ ਹੋਣਗੇ।ਉਨਾਂ ਕਿਹਾ ਕਿ ਭਵਿੱਖ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਮੁਕਾਬਲੇ ਕਰਵਾਉਣ ਵੱਲ ਵੀ ਤਵੱਜੋ ਦਿੱਤੀ ਜਾਵੇਗੀ।
 ਜੇਤੂਆਂ ਨੂੰ ਇਨਾਮੀ ਰਕਮ ਤੋਂ ਇਲਾਵਾ ਸਾਰੇ ਪ੍ਰਤੀਭਾਗੀਆਂ ਨੂੰ ਚਿੱਪ ਲੱਗੇ ਵਿਸ਼ੇਸ਼ ਚਿੰਨ (ਬਿੱਬ) ਤੋਂ ਇਲਾਵਾ ਟੀ-ਸ਼ਰਟਾਂ, ਆਕਰਸ਼ਕ ਤਮਗੇ, ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਸਾਰੇ ਵਾਲੰਟੀਅਰਾਂ ਨੂੰ ਵੀ ਟੀ-ਸ਼ਰਟਾਂ, ਸਰਟੀਫਿਕੇਟ ਅਤੇ ਮੋਮੈਂਟੋ ਪ੍ਰਦਾਨ ਕੀਤੇ ਜਾਣਗੇ।
ਇਸ ਮੈਰਾਥਾਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਨਾਮੀ ਦੌੜਾਕ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply