ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ) – ਗਣਤੰਤਰ ਦਿਵਸ ਮੌਕੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਪਹਿਲ ਕਰਦੇ ਹੋਏ
ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਖਜ਼ਾਨਾ ਗੇਟ ਤੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਰਸਤੇ ਸੁਲਤਾਨਵਿੰਡ ਚੌਕ ਤੱਕ ਪੈਂਦੇ 3.20 ਕਿਲੋਮੀਟਰ ਲੰਮੇ ਰਸਤੇ ਦੇ ਸੁੰਦਰੀਕਰਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ। ਉਨਾਂ ਦੱਸਿਆ ਕਿ ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਏਸ਼ੀਅਨ ਡਿਵਲਪਮੈਂਟ ਬੈਂਕ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 34 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨਾਲ ਇਸ ਰਸਤੇ ਦਾ ਮੂੰਹ-ਮੁਹਾਂਦਰਾ ਬਦਲਣ ਦਾ ਐਲਾਨ ਕਰਦੇ ਹੋਏ ਸਿੱਧੂ ਨੇ ਦੱਸਿਆ ਕਿ ਇਸ ਰਸਤੇ ਜਿਸ ਤਰਾਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਇਆ ਗਿਆ ਹੈ, ਉਸੇ ਤਰਾਂ ਇਹ ਸਾਰਾ ਰਸਤਾ ਬਣੇਗਾ।ਉਨਾਂ ਦੱਸਿਆ ਕਿ ਇਸ ਰਸਤੇ ਪੈਂਦੀਆਂ ਦੁਕਾਨਾਂ ਤੇ ਮਕਾਨਾਂ ਨੂੰ ਸਰਵਿਸ ਰੋਡ ਦੇ ਕੇ ਮੇਨ ਰੋਡ ਨਾਲ ਉਸਾਰੀ ਗਈ ਕੰਧ ਨੂੰ ਅਜਾਇਬ ਘਰ ਦਾ ਰੂਪ ਦਿੱਤਾ ਜਾਵੇਗਾ, ਜਿਸ ’ਤੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨੂੰ ਪੇਸ਼ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸਾਰੇ ਰਸਤੇ ’ਤੇ ਸੁੰਦਰ ਲੈਂਡਸਕੇਪਿੰਗ, ਲਾਇਟਾਂ, ਸਾਈਕਲ ਟਰੈਕ, ਰੇਹੜੀਆਂ ਲਈ ਵੱਖ ਸਥਾਨ, ਪਾਰਕ, 5 ਜਨਤਕ ਪਖਾਨੇ ਆਦਿ ਬਣਾਏ ਜਾਣਗੇ।ਉਨਾਂ ਦੱਸਿਆ ਕਿ ਇਹ ਸਾਰਾ ਕੰਮ ਜੂਨ 2020 ਤੱਕ ਪੂਰਾ ਕਰ ਲਿਆ ਜਾਵੇਗਾ। ਉਨਾਂ ਇਸ ਤੋਂ ਇਲਾਵਾ ਹਲਕਾ ਦੱਖਣੀ ਦੇ ਸੀਵਰੇਜ ਲਈ 111 ਕਰੋੜ ਰੁਪਏ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀਆਂ ਚਾਰ ਮੁੱਖ ਸੜਕਾਂ ਦੇ ਸੁੰਦਰੀਕਰਨ ਲਈ 34 ਕਰੋੜ ਰੁਪਏ, ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਲਈ 40 ਕਰੋੜ ਰੁਪਏ ਖਰਚਣ ਦਾ ਐਲਾਨ ਵੀ ਕੀਤਾ।ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਸੈਰ ਸਪਾਟਾ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਚੀਫ ਮੈਨੇਜਰ ਯੋਗੇਸ਼ ਗੁਪਤਾ, ਏ.ਆਰ ਮਿਸ਼ਰਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media