ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਆਈ.ਸੀ.ਪੀ.ਆਰ ਨਵੀਂ ਦਿੱਲੀ ਦੇ
ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗੁਰੂ ਨਾਨਕ ਸੋਸ਼ਿਓ-ਪੋਲੀਟੀਕਲ ਫਿਲਾਸਫੀ ਅਤੇ ਸਮਕਾਲੀ ਸੰਦਰਭ ਵਿਸ਼ੇ ਤੇ ਦੂਸਰੇ ਦਿਨ ਦੇ ਪਹਿਲੇ ਅਕਾਦਮਿਕ ਸੈਸ਼ਨ ਦਾ ਆਰੰਭ ਹੋਇਆ।ਇਸ ਸੈਸ਼ਨ ਦੀ ਪ੍ਰਧਾਨਗੀ ਆਈ.ਸੀ.ਪੀ.ਆਰ ਨਵੀਂ ਦਿੱਲੀ ਦੇ ਨੁਮਾਇਦੇ ਡਾ. ਸ਼ੁਸ਼ੀਮ ਦੂਬੇ ਨੇ ਕੀਤੀ।ਇਸ ਵਿਚ ਦੋ ਪਰਚੇ ਪੜ੍ਹੇ ਗਏ।ਪਹਿਲਾ ਪਰਚਾ ਡਾ. ਕੁਲਵੰਤ ਸਿੰਘ ਦੁਆਰਾ ਗੁਰੂ ਨਾਨਕ ਚਿੰਤਨ ਵਿਚ ਪਰਿਵਾਰ, ਸਮਾਜ ਤੇ ਸੰਨਿਆਸ ਦਾ ਸਥਾਨ ਵਿਸ਼ੇ ਉਪਰ ਪ੍ਰਸਤੁਤ ਕੀਤਾ ਗਿਆ।ਉਨ੍ਹਾਂ ਬਾਬਰ ਵਾਣੀ ਦੇ ਹਵਾਲੇ ਨਾਲ ਗੁਰੂ ਨਾਨਕ ਤੇ ਸਮਕਾਲੀ ਸਮੇਂ ਦੀਆਂ ਸਮਾਜਿਕ, ਰਾਜਨੀਤਿਕ ਅਤੇ ਸਭਿਆਚਾਰਕ ਪਰਿਸਥਿਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਗੁਰੂ ਨਾਨਕ ਸਾਹਿਬ ਦੇ ਜੀਵਨ-ਬਿੰਬ ਨੂੰ ਜਨਮਸਾਖੀਆਂ ਵਿਚੋਂ ਦ੍ਰਿਸ਼ਟਾਂਤ ਦੇ ਕੇ ਪੇਸ਼ ਕੀਤਾ।ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੁਆਰਾ ਸਮਾਜਿਕ ਕਦਰਾਂ-ਕੀਮਤਾਂ, ਕਿੱਤਿਆਂ, ਲੋਕ-ਕਲਾਵਾਂ, ਰਸਮੋ-ਰਿਵਾਜ, ਲੋਕ ਧਰਮ ਅਤੇ ਰਾਜਨੀਤੀ ਬਾਰੇ ਸਮੁੱਚੇ ਸਮਾਜ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹਨ।
ਦੂਜਾ ਪਰਚਾ ਡਾ. ਜਗਦੀਸ਼ ਪਟਗਿਰੀ ਮੁਖੀ ਤੇ ਪ੍ਰੋ. ਫਿਲਾਸਫੀ ਵਿਭਾਗ, ਕੌਟਨ ਕਾਲਜ ਸਟੇਟ ਯੂਨੀਵਰਸਿਟੀ, ਗੁਹਾਟੀ ਦੁਆਰਾ ਗੁਰੂ ਨਾਨਕ ਦੇਵ ਦੀ ਫਿਲਾਸਫੀ ਨਾਲ ਸੰਬੰਧਿਤ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਏਕਾਵਾਦ ਦੇ ਸੰਕਲਪ ਨੂੰ ਭਾਰਤੀ ਗਿਆਨ ਪਰੰਪਰਾਵਾਂ ਖਾਸ ਕਰ ਵੈਸ਼ਨਵ ਪਰੰਪਰਾ ਦੇ ਹਵਾਲੇ ਨਾਲ ਗੁਰੂ ਨਾਨਕ ਬਾਣੀ ਦੇ ਤੁਲਨਾਤਮਿਕ ਪੱਧਰ ਤੇ ਪਰਿਭਾਸ਼ਤ ਕੀਤਾ।ਉਨ੍ਹਾਂ ਮੋਨੋਥੀਇਜ਼ਮ, ਬ੍ਰਹਮ, ੴ ਅਤੇ ਮੂਲ ਮੰਤਰ ਨੂੰ ਸਮਾਨਾਤਰ ਦਰਸਾਇਆ। ਉਨ੍ਹਾਂ ਕਿਹਾ ਕਿ ਪਰਮਾਤਮਾ ਨੂੰ ਅਨੇਕਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼, ਸ਼ਿਵ, ਈਸ਼ਵਰ ਆਦਿ। ਉਨ੍ਹਾਂ ਸਿੱਖ ਧਰਮ ਦੀ ਵਿਸ਼ੇਸ਼ਤਾ ਗੁਰੂ ਉਪਰ ਵਿਸ਼ਵਾਸ ਕਰਨ ਨੂੰ ਮੰਨਿਆ।
ਪ੍ਰਧਾਨਗੀ ਬੋਲ ਡਾ. ਸ਼ੁਸ਼ੀਮ ਦੁਬੇ ਦੁਆਰਾ ਪੇਸ਼ ਕੀਤੇ ਗਏ।ਉਨ੍ਹਾਂ ਕਿਹਾ ਕਿ ਮਨੁੱਖੀ ਅਸਤਿਤਵ ਹੀ ਅਸਲੀ ਸੱਚ ਹੈ।ਉਨ੍ਹਾਂ ਅਨੁਸਾਰ ਜੋ ਸੱਤਾਵਾਨ ਹੈ ਅਤੇ ਜਿਸ ਨੂੰ ਅਸੀਂ ਜੀਊਂਦੇ ਹਾਂ ਉਹੀ ਅੰਤਿਮ ਸੱਚ ਹੈ।ਉਨ੍ਹਾਂ ਕਿਹਾ ਕਿ ਮੇਰੇ ਅਨੁਭਵ ਅਨੁਸਾਰ ਸਿੱਖ ਅਤੇ ਰਿਸ਼ੀ ਵਿਚ ਕੋਈ ਫਰਕ ਨਹੀਂ।ਉਨ੍ਹਾਂ ਅਨੁਸਾਰ ਅਧਿਆਤਮਕ ਸਾਧਨਾਂ ਦਾ ਮਤਲਬ ਆਪਣੀ ਸਾਧਨਾ ਵਿਚ ਲੀਨ ਹੋਣਾ ਹੈ।ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਬ੍ਰਹਿਮੰਡੀ ਵਿਧਾਨ ਦੱਸਿਆ।ਉਨ੍ਹਾਂ ਵਿਸ਼ਵਾਸ ਦੁਆਇਆ ਕਿ ਐ,.ਐਚ.ਆਰ.ਡੀ ਅਤੇ ਆਈ.ਸੀ.ਪੀ.ਆਰ ਦਾ ਯਤਨ ਰਹੇਗਾ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅਤੇ ਉਨ੍ਹਾਂ ਦੇ ਮਾਨਵਤਾਵਾਦੀ ਸੰਦੇਸ਼ ਨੂੰ ਦੇਸ਼ ਪੱਧਰ ਤੇ ਪਹੁੰਚਾਉਣ ਲਈ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸੈਮੀਨਾਰ ਕੀਤੇ ਜਾਣਗੇ।ਮੰਚ ਸੰਚਾਲਨ ਗੁਰੂ ਨਾਨਕ ਅਧਿਐਨ ਵਿਭਾਗ ਦੇ ਸਹਾਇਕ ਪ੍ਰੋ. ਡਾ. ਮਨਵਿੰਦਰ ਸਿੰਘ ਵੱਲੋਂ ਨਿਭਾਇਆ ਗਿਆ।
ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਲੱਖਣ ਸਿੰਘ ਨੇ ਨਿਭਾਈ। ਇਸ ਸੈਸ਼ਨ ਵਿਚ ਵੀ ਦੋ ਪਰਚੇ ਪੜ੍ਹੇ ਗਏ। ਪਹਿਲਾ ਪਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਵਿਜ਼ਟਿੰਗ ਪ੍ਰੋ. ਧਰਮ ਸਿੰਘ ਦੁਆਰਾ ਆਪਣੇ ਪਰਚੇ ਵਿਚ ਬਾਬਾ ਸ਼ੇਖ ਫਰੀਦ ਦੀ ਫਿਲਾਸਫੀ ਨੂੰ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੀ ਨੇੜਤਾ ਵਿਚ ਪੇਸ਼ ਕਰਨ ਦਾ ਯਤਨ ਕੀਤਾ ।
ਦੂਸਰਾ ਪੇਪਰ ਡਾ ਕੁਲਵਿੰਦਰ ਸਿੰਘ ਬਾਜਵਾ ਦੁਆਰਾ ਪੇਸ਼ ਕੀਤਾ ਗਿਆ।ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਅਨੁਸਾਰ ਮਨੁੱਖ ਨੂੰ ਸਦਗੁਣਾ ਦਾ ਧਾਰਨੀ ਹੋਣਾ ਚਾਹੀਦਾ ਹੈ।ਸਦ ਗੁਣਾ ਦਾ ਖਜਾਨਾ ਸੰਗਤ ਵਿਚੋਂ ਪ੍ਰਾਪਤ ਹੁੰਦਾ ਹੈ ਅਤੇ ਇਹਨਾਂ ਨੂੰ ਗਿਆਨ ਦੁਆਰਾ ਧਾਰਨ ਕੀਤਾ ਜਾ ਸਕਦਾ ਹੈ।ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸਚਿਆਰ ਅਤੇ ਸਦਗੁਣਾ ਭਰਪੂਰ ਸਮਾਜ ਦੀ ਸਿਰਜਣ ਕਰਨਾ ਹੈ।
ਇਸ ਸੈਸ਼ਨ ਵਿਚ ਸੰਤ ਤੇਜਾ ਸਿੰਘ ਐਮ.ਏ, ਸੰਤ ਗੁਰਚਰਨ ਸਿੰਘ ਤੇ ਸੰਤ ਸੁਖਵੰਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸੰਤ ਤੇਜਾ ਸਿੰਘ ਐਮ.ਏ ਨੇ ਵਿਸ਼ੇਸ਼ ਮਹਿਮਾਨ ਵਜੋਂ ਇਸ ਅਕਾਦਮਿਕ ਸੈਸ਼ਨ ਵਿਚ ਗੁਰੂ ਨਾਨਕ ਫਿਲਾਸਫੀ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਮੁੱਖ ਸੰਦੇਸ਼ ਪਰਮਾਤਮਾ ਦਾ ਸਿਮਰਨ ਕਰਨਾ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ, ਪੰਜਾਬੀ ਵਾਰਤਕ ਤੇ ਪੰਜਾਬੀ ਸਾਹਿਤ ਦੇ ਸਾਰੇ ਰੂਪਾਂ ਦਾ ਆਰੰਭ ਗੁਰੂ ਨਾਨਕ ਸਾਹਿਬ ਤਂੋ ਹੀ ਮੰਨਿਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨੂੰ ਅਪਣਾਉਣ ਨਾਲ ਹੀ ਸਮਾਜਿਕ ਕਲਿਆਣ ਸੰਭਵ ਹੈ।
ਪ੍ਰਧਾਨਗੀ ਬੋਲ ਸਾਬਕਾ ਪ੍ਰੋ. ਸੁਲੱਖਣ ਸਿੰਘ ਹਿਸਟਰੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੇਸ਼ ਕੀਤੇ ਗਏ।ਉਹਨਾਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਉੱਪਰ ਪੜੇ ਗਏ ਪਰਚਿਆਂ ਦੀ ਸ਼ਲਾਘਾ ਕੀਤੀ ਅਤੇ ੀਛਫ੍ਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਕੀਤੇ ਗਏ ਗੁਰੂ ਨਾਨਕ ਸਾਹਿਬ ਦੇ 550 ਸਾਲਾ ਨੂੰ ਸਮਰਪਿਤ ਇਸ ਸੈਮੀਨਾਰ ਨੂੰ ਸ਼ਲਾਘਾਂ ਯੋਗ ਕਾਰਜ ਤੇ ਵਧਾਈ ਦੇ ਪਾਤਰ ਦੱਸਿਆ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media