ਮੈਰੋਟੋਰੀਅਸ ਸਕੂਲਾਂ ਦੇ ਬੱਚਿਆਂ ਦੀਆਂ ਸੁਣੀਆਂ ਮੁਸ਼ਕਲਾਂ ਤੇ ਪੌਦੇ ਲਗਾਏ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਇਸ ਵਾਰ ਬੱਜ਼ਟ ਵਿੱਚ ਸਿਖਿਆ ਦੇ ਖੇਤਰ ਲਈ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਅਗਲੇ ਸੈਸ਼ਨ ਦੌਰਾਨ ਬੱਚਿਆਂ ਨੰੂ ਡਿਜੀਟਲ ਸਿਖਿਆ ਵੀ ਮੁਹੱਈਆ ਕਰਵਾਈ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੈਰੋਟੋਰੀਅਸ ਸਕੂਲ ਵਿਖੇ ਪੌਦੇ ਲਗਾਉਣ ਸਮੇਂ ਕੀਤਾ ਗਿਆ।ਸੋਨੀ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਛੁੱਟੀ ਵਾਲੇ ਦਿਨ ਵੀ ਐਕਸਟਰਾ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਦੇ ਨਤੀਜੇ ਵਧੀਆ ਆਉਣਗੇ।ਉਨਾਂ ਕਿਹਾ ਕਿ ਇਥੇ ਆਉਣ ਦਾ ਮੁੱਖ ਮਕਸਦ 1 ਮਾਰਚ ਤੋਂ ਬੱਚਿਆਂ ਦੇ ਇਮਤਿਹਾਨ ਸ਼ੁਰੂ ਹੋ ਰਹੇ ਹਨ ਅਤੇ ਉਹ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਆਏ ਹਨ। ਸਿਖਿਆ ਮੰਤਰੀ ਨੇ ਖੁੱਦ ਬੱਚਿਆਂ ਕੋਲ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਕੁੱਝ ਬੱਚਿਆਂ ਵੱਲੋਂ ਇਮਤਿਹਾਨਾਂ ਤੋਂ ਬਾਅਦ ਹੋਣ ਵਾਲੇ ਪ੍ਰਤੀਯੋਗਤਾ ਇਮਤਿਹਾਨਾਂ ਦੀ ਫੀਸ `ਚ ਕੀਤੇ ਵਾਧੇ ਸਵਲਾ `ਤੇ ਸਿਖਿਆ ਮੰਤਰੀ ਨੇ ਕਿਹਾ ਕਿ ਉਹ ਸਰਕਾਰ ਨਾਲ ਗੱਲ ਕਰਨਗੇ ਅਤੇ ਪ੍ਰਤੀਯੋਗਤਾ ਇਮਤਿਹਾਨਾਂ ਦੀ ਫੀਸ ਨੂੰ ਘੱਟ ਕਰਵਾਉਣਗੇ।ਸੋਨੀ ਨੇ ਪੌਦੇ ਲਗਾਉਣ ਉਪਰੰਤ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਪੌਦਿਆਂ ਦੀ ਸਾਂਭ ਸੰਭਾਲ ਵੀ ਰੱਖਣ ਅਤੇ ਆਪਣੇ ਆਂਡ ਗੁਆਂਢ ਦੇ ਲੋਕਾਂ ਨੂੰ ਵੀ ਸਨੇਹਾ ਦੇਣ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ।ਮੈਰੋਟੋਰੀਅਸ ਸਕੂਲ ਵੱਲੋਂ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ, ਜੁਗਰਾਜ ਸਿੰਘ ਰੰਧਾਵਾ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ, ਪ੍ਰਿੰਸੀਪਲ ਦਲਜੀਤ ਕੌਰ, ਰਾਸਾ ਦੇ ਜਨਰਲ ਸਕੱਤਰ ਕੁਲਵੰਤ ਰਾਏ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media