ਪੰਜਾਬੀ ਸਿਨਮੇ `ਚ ਹੋ ਰਹੇ ਪਰਿਵਰਤਨ ਸਦਕਾ ਨਿੱਤ ਦਿਨ ਨਵੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ।ਚੰਗੀ ਗੱਲ ਹੈ ਕਿ ਪੁਰਾਤਨ ਵਿਰਸੇ ਅਤੇ ਵਿਆਹਾਂ ਵਾਲੇ ਕਲਚਰ ਤੋਂ ਹੁਣ ਪੰਜਾਬੀ ਸਿਨਮਾ ਰੁਮਾਂਟਿਕ ਵਿਸ਼ੇ ਦੀਆਂ ਫ਼ਿਲਮਾਂ ਵੱਲ ਮੁੜਿਆ ਹੈ।ਇਸ ਵੇਲੇ ਬਣਨ ਵਾਲੀਆਂ ਜਿਆਦਤਰ ਫ਼ਿਲਮਾਂ ਆਪਣੇ ਨਵੇਂ ਵਿਸ਼ਿਆਂ ਕਰਕੇ ਚਰਚਾ ਵਿੱਚ ਹਨ।ਜਿੰਨ੍ਹਾਂ `ਚੋਂ ਇੱਕ ਹੈ ਯੁਵਰਾਜ ਹੰਸ ਤੇ ਹੈਪੀ ਰਾਏਕੋਟੀ ਦੀ `ਇਸ਼ਕ ਖੁਮਾਰੀ`।ਜਿਸ ਦੀ ਅਨਾਊਸਮੈਂਟ ਬੀਤੇ ਦਿਨੀਂ ਕੀਤੀ ਗਈ।`ਗਲਿਟਰਟੀ ਅਤੇ ਸਾਂਝ ਫ਼ਿਲਮਜ਼` ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਆਸ਼ੀਸ ਸ਼ਰਮਾ ਅਤੇ ਸੋਨੀਆਂ ਮਾਂਗਟ ਨੇ ਦੱਸਿਆ ਕਿ `ਇਸ਼ਕ ਖੁਮਾਰੀ` ਅਜੋਕੇ ਪੰਜਾਬੀ ਸਿਨਮੇ ਵਿੱਚ ਇੱਕ ਵੱਖਰੇ ਵਿਸ਼ੇ ਦੀ ਮਨੋਰੰਜਨ ਭਰਪੂਰ ਰੁਮਾਂਟਿਕ ਫ਼ਿਲਮ ਹੈ।ਇਹ ਫਿਲਮ ਕਾਮੇਡੀ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਤੇ ਪਿਆਰ ਮੁੱਹਬਤ ਦੇ ਰੰਗਾਂ ਦੀ ਖੂਬਸੁਰਤ ਪੇਸ਼ਕਾਰੀ ਕਰੇਗੀ।
ਇਸ ਫ਼ਿਲਮ ਵਿੱਚ ਗਾਇਕ ਯੁਵਰਾਜ ਹੰਸ, ਹੈਪੀ ਰਾਏਕੋਟੀ, ਸੋਨਿਕਾ ਭਾਰਦਵਾਜ, ਰਿਤਿਕਾ ਸਿਆਮ, ਉਪਾਸਨਾ ਸਿੰਘ, ਬੀ ਐਨ ਸ਼ਰਮਾ, ਬਿੰਦੂ ਦਾਰਾ ਸਿੰਘ,ਆਸੂ ਸਾਹਨੀ ਆਦਿ ਅਹਿਮ ਸਿਤਾਰੇ ਕੰਮ ਕਰ ਰਹੇ ਹਨ। ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਸ਼ਾਨ ਨੇ ਲਿਖੇ ਹਨ ਜਿੰਨ੍ਹਾ ਨੂੰ ਯੁਵਰਾਜ ਹੰਸ, ਗੁਰੂ ਰੰਧਾਵਾ, ਹੈਪੀ ਰਾਏਕੋਟੀ, ਬੂਹਮੀਆਂ, ਖਾਨ ਸਾਹਬ ਨੇ ਆਵਾਜ਼ਾਂ ਦਿੱਤੀਆਂ ਹਨ।ਫਿਲਮ ਦੀ ਕਹਾਣੀ ਸੰਦੀਪ ਚਿੰਨ੍ਹਾ ਨੇ ਲਿਖੀ ਹੈ ਤੇ ਡਾਇਲਾਗ ਮਿੰਟੂ ਓ ਅਤੇ ਸੰਦੀਪ ਚਿੰਨ੍ਹਾ ਨੇ ਲਿਖੇ ਹਨ।ਫਿਲ਼ਮ ਦੇ ਨਾਇਕ ਯੁਵਰਾਜ ਹੰਸ ਨੇ ਕਿਹਾ ਕਿ ਉਹ ਆਪਣੇ ਦਰਸ਼ਕਾਂ ਪ੍ਰਸੰਸਕਾਂ ਦਾ ਸ਼ੁਕਰਗੁਜਾਰ ਹੈ,ਜਿੰਨ੍ਹਾਂ ਨੇ ਉਸ ਨੂੰ ਗਾਇਕੀ ਅਤੇ ਫ਼ਿਲਮੀ ਪਰਦੇ `ਤੇ ਬੇਸ਼ੁਮਾਰ ਪਿਆਰ ਦਿੱਤਾ।ਇਹ ਨਵੀਂ ਫ਼ਿਲਮ ਵੀ ਦਰਸ਼ਕਾਂ ਦਾ ਪੂਰਾ ਮਨੋਂਰੰਜਨ ਕਰੇਗੀ।ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਉਸ ਦੀ ਅਹਿਮ ਭੂਮਿਕਾ ਹੈ, ਜੋ ਦਰਸ਼ਕਾਂ ਦੀ ਪਸੰਦ `ਤੇ ਪ੍ਰਵਾਨ ਚੜ੍ਹੇਗੀ।
ਦੱਸਣਯੋਗ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਅਤੇ ਕਾਨੈਡਾ ਵਿੱਚ ਕੀਤੀ ਜਾਵੇਗੀ।

ਹਰਜਿੰਦਰ ਜਵੰਦਾ
ਪਟਿਆਲਾ।
ਮੋ – 94638 28000
Punjab Post Daily Online Newspaper & Print Media