ਭੀਖੀ, 20 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਹਰ ਬੱਚੇ ਅਤੇ ਔਰਤ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਅਤੇ ਉਨ੍ਹਾਂ ਨੂੰ ਪੌਸ਼ਟਿਕ ਖਾਣੇ ਸਬੰਧੀ
ਜਾਣਕਾਰੀ ਦਿੰਦਿਆਂ ਪੋਸ਼ਣ ਪਖਵਾੜੇ ਤਹਿਤ ਜ਼ਿਲ੍ਹਾ ਮਾਨਸਾ ਦੇ ਵੱਖ-ਵੱਖ ਆਂਗਣਵਾੜੀ ਕੇਂਦਰਾਂ `ਚ ਬੱਚਿਆਂ ਦੇ ਡਾਂਸ ਮੁਕਾਬਲੇ ਕਰਵਾਏ ਗਏ।ਇਸ ਸਮੇਂ ਬੱਚਿਆਂ ਦਾ ਭਾਰ ਅਤੇ ਉਨ੍ਹਾਂ ਦੀ ਲੰਬਾਈ ਵੀ ਮਾਪੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਵੱਸਥ ਭਾਰਤ ਦੇ ਬੁਲਾਰੇ ਆਦਿਤਿਆ ਮਦਾਨ ਨੇ ਦਸਿਆ ਕਿ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮੰਤਵ ਚੰਗੇ ਖਾਣੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸਰਕਲ ਖਿਆਲਾ ਕਲਾਂ, ਬਲਾਕ ਸਰਦੂਲਗੜ੍ਹ ਸਰਕਲ ਝੰਡੂਕੇ ਵਿਖੇ ਆਂਗਣਵਾੜੀ ਕੇਂਦਰਾਂ `ਚ ਦਾਖਲ ਬੱਚਿਆਂ ਦੇ ਵਾਧੇ ਸਬੰਧੀ ਉਨ੍ਹਾਂ ਦਾ ਭਾਰ ਅਤੇ ਲੰਬਾਈ ਮਾਪੀ ਗਈ। ਜਿਹੜੇ ਬੱਚੇ ਆਪਣੀ ਉਮਰ ਦੇ ਅਨੁਸਾਰ ਘੱਟ ਭਾਰ ਜਾਂ ਘੱਟ ਲੰਬਾਈ ਵਾਲੇ ਸਨ, ਉਨ੍ਹਾਂ ਦੀ ਖੁਰਾਕ ਸਬੰਧੀ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਬਾਰੇ ਉਨ੍ਹਾਂ ਦੀਆਂ ਮਾਵਾਂ ਨੂੰ ਦੱਸਿਆ ਗਿਆ।ਇਸ ਤਰ੍ਹਾਂ ਪਿੰਡ ਫੁਲੂਵਾਲਾ ਡੋਗਰਾ, ਪਿੰਡ ਮੱਲ ਸਿੰਘ ਮਾਲਾ ਬਲਾਕ ਬੁਢਲਾਡਾ, ਸੈਕਟਰ ਝੰਡੇਕਲਾਂ ਬਲਾਕ ਸਰਦੂਲਗੜ੍ਹ ਅਤੇ ਪਿੰਡ ਚੂੜ੍ਹੀਆਂ ਵਿਖੇ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਕੀਤੀ ਗਈ, ਜਿਸ `ਚ ਉਨ੍ਹਾਂ ਨੂੰ ਫਲ ਦਿੱਤੇ ਗਏ।
6 ਮਹੀਨੇ ਦੇ ਬੱਚਿਆਂ ਨੂੰ ਬੁਢਲਾਡਾ ਸ਼ਹਿਰ ਆਂਗਣਵਾੜੀ ਕੇਂਦਰ ਵਿਖੇ ਠੋਸ ਖਾਣਾ ਖਵਾਉਣ ਦੀ ਸ਼ੁਰੂਆਤ ਕੀਤੀ ਗਈ।ਇਹ ਦਿਨ ਅਣਪਰਾਸ਼ਣ ਦਿਨ ਵਜੋਂ ਮਨਾਇਆ ਜਾਂਦਾ ਹੈ ਜਦ ਦੁੱਧ ਪੀਂਦਾ ਬੱਚਾ ਦੁੱਧ ਤੋਂ ਇਲਾਵਾ ਖਾਣਾ ਵੀ ਸ਼ੁਰੂ ਕਰਦਾ ਹੈ।ਇਸ ਤਰ੍ਹਾਂ ਕਲੋਨੀ ਝੁਨੀਰ ਅਤੇ ਪਿੰਡ ਭੰਮੇਕਲਾਂ ਵਿਖੇ ਖੂਨ ਦੀ ਘਾਟ ਦੀ ਜਾਂਚ ਸਬੰਧੀ ਕੈਂਪ ਲਗਾਇਆ ਗਿਆ।ਅੱਜ ਵੱਖ-ਵੱਖ ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਦੇ ਡਾਂਸ ਮੁਕਾਬਲੇ ਕਰਵਾਏ ਗਏ, ਜਿਥੇ ਨੰਨ੍ਹੇ-ਮੁੰਨ੍ਹਿਆਂ ਨੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ।ਇਹ ਗਤੀਵਿਧੀ ਪਿੰਡ ਕਿਸ਼ਨਗੜ੍ਹ ਫਰਮਾਹੀ, ਬੁਰਜ ਰਾਠੀ, ਖੀਵਾ ਕਲਾਂ, ਬਲਾਕ ਭੀਖੀ, ਮੱਲ੍ਹ ਸਿੰਘ ਵਾਲਾ, ਰਾਮ ਨਗਰ ਭੱਠਲ, ਕਾਸਿਮ ਪੁਰਾ ਛੀਨਾ, ਝੰਡਾ ਕਲਾਂ, ਸੈਕਟਰ ਕੋਟੜਾ ਕਲਾਂ ਪਿੰਡ ਮੂਲਾ ਸਿੰਘ ਵਾਲਾ ਆਦਿ ਵਿਖੇ ਕਰਵਾਈ ਗਈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media