ਲੌਂਗੋਵਾਲ, 3 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਿਸਾਨ ਮੋਰਚੇ ਨੇ ਪਰਾਲੀ ਫੂਕਣ ਦੀ ਸਮੱਸਿਆ ਦਾ ਹੱਲ ਕਰਨ ਅਤੇ ਪਾਣੀ ਬਚਾਉਣ ਲਈ ਝੋਨਾ 1
ਜੂਨ ਤੋਂ ਲਾਉਣ ਦੀ ਖੁੱਲ੍ਹ ਦੇਣ ਦੀ ਮੰਗ ਕੀਤੀ ਹੈ। ਖੇਤੀ ਟਿਊਬਵੈਲਾਂ ਲਈ ਬਿਜਲੀ ਅਤੇ ਨਹਿਰੀ ਪਾਣੀ ਦੇਣ ਸਮੇਤ ਕਰਜ਼ਾ ਮੁਕਤੀ ਸਬੰਧੀ ਹੋਰ ਮੰਗਾਂ ਨੂੰ ਲੈ ਕੇ 7 ਜਥੇਬੰਦੀਆਂ ਵੱਲੋਂ 2,3 ਅਤੇ 4 ਮਈ ਨੂੰ ਪਟਿਆਲਾ ਵਿਖੇ ਲਾਏ ਜਾਣ ਵਾਲੇ ਧਰਨੇ ਵਿਚ ਵੀ ਕਿਸਾਨ ਮੋਰਚੇ ਵਲੋਂ ਸ਼ਮੂਲੀਅਤ ਕਰਨ ਦਾ ਵੀ ਐਲਾਨ ਕੀਤਾ ਹੈ।
ਇਥੋਂ ਨੇੜਲੇ ਪਿੰਡ ਢੱਡਰੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਕਿਸਾਨਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਕਿਸਾਨੀ ਦੇ ਭੱਖਦੇ ਮਸਲਿਆਂ ਬਾਰੇ ਚਰਚਾ ਕੀਤੀ ਗਈ।ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਮੋਰਚੇ ਦੇ ਜਿਲ੍ਹਾ ਕਨਵੀਨਰ ਭੁਪਿੰਦਰ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਕਿਸਾਨੀ ਕਿੱਤੇ ਨੂੰ ਤਬਾਹੀ ਦੇ ਕੰਢੇ ਲਿਆ ਖੜਾ ਕੀਤਾ ਹੈ।ਜਿਸ ਕਾਰਨ ਜਿਥੇ ਕਿਸਾਨਾਂ ਸਿਰ ਕਰਜ਼ਾ ਦਿਨੋ ਦਿਨ ਵਧ ਰਿਹਾ ਹੈ, ਉਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਵੀ ਜਾਰੀ ਹਨ।ਆਗੂ ਨੇ ਕਿਹਾ ਅੱਗੇ ਕਿਹਾ ਕਿ ਜਿੰਨਾਂ ਚਿਰ ਸਵਾਮੀਨਾਥਨ ਰਿਪੋਰਟ ਦੇ ਮੁਤਾਬਿਕ ਜ਼ਮੀਨ ਦੀ ਮੁੜ ਵੰਡ ਕਰਕੇ ਕਿਸਾਨਾਂ ਨੂੰ ਖੇਤੀ ਕਰਨ ਯੋਗ ਜ਼ਮੀਨ ਦੇਣ, ਫ਼ਸਲੀ ਵਿਭਿੰਨਤਾ ਲਾਗੂ ਕਰਕੇ ਖੇਤੀ ਅਧਾਰਿਤ ਸਨਅਤ ਨੂੰ ਵਿਕਸਿਤ ਕਰਨ ਅਤੇ ਮੰਡੀਕਰਨ ਦਾ ਸਹੀ ਪ੍ਰਬੰਧ ਕਰਕੇ ਲਾਗਤ ਤੋਂ ਡੇਢ ਗੁਣਾ ਭਾਅ ਦੇਣ ਸਬੰਧੀ ਕਾਰਵਾਈ ਨਹੀ ਕੀਤੀ ਜਾਂਦੀ, ਉਨ੍ਹਾਂ ਚਿਰ ਕਿਸਾਨ ਬਚ ਨਹੀਂ ਸਕਦਾ।ਉਨਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਕਿਸਾਨਾਂ ਕੋਲ ਸੰਘਰਸ਼ ਹੀ ਇੱਕੋ ਇੱਕ ਰਾਹ ਹੈ।
ਇਸ ਸਮੇਂ ਪਿੰਡ ਇਕਾਈ ਦੀ ਚੋਣ ਵੀ ਕੀਤੀ ਗਈ।ਜਿਸ ਵਿੱਚ ਰਜਿੰਦਰ ਸਿੰਘ ਨੂੰ ਪ੍ਰਧਾਨ, ਜੋਗਿੰਦਰ ਸਿੰਘ ਨੂੰ ਸਕੱਤਰ, ਭਜਨ ਸਿੰਘ ਨੂੰ ਖ਼ਜ਼ਾਨਚੀ, ਬਾਬਾ ਸੁਰਜੀਤ ਸਿੰਘ ਨੂੰ ਲੰਗਰ ਕਮੇਟੀ ਆਗੂ ਅਤੇ ਮੇਜਰ ਸਿੰਘ, ਸੰਤੋਖ ਸਿੰਘ, ਜੰਗੀਰ ਸਿੰਘ ਸਮੇਤ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਬਲਾਕ ਆਗੂ ਹਰਦੇਵ ਸਿੰਘ ਕਾਲਾ, ਬਲਵਿੰਦਰ ਦੁੱਲਟ, ਅੰਗਰੇਜ ਸਿੰਘ ਰੱਤੋਕੇ, ਬਲਿਹਾਰ ਸਿੰਘ ਰੱਤੋਕੇ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media