Sunday, September 20, 2026

ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

PPN2204201915ਅੰਮ੍ਰਿਤਸਰ, 22 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਪੜ੍ਹੀ-ਲਿਖੀ ਬੇਟੀ ਘਰ ’ਚ ਖੁਸ਼ਹਾਲੀ ਤੇ ਸਮਾਜ ਦੇ ਕਲਿਆਣ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਲੜਕੀਆਂ ਨੂੰ ਉਤਸ਼ਾਹਿਤ ਕਰਦਿਆਂ ਦੇਸ਼ ਅਤੇ ਸਮਾਜ ’ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ‘ਮਹਾਨ ਔਰਤਾਂ’ ਦਾ ਜ਼ਿਕਰ ਕੀਤਾ ਅਤੇ ਹਰੇਕ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ।
     ਕਾਲਜ ਪ੍ਰਿੰਸੀਪਲ ਨਾਨਕ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਦਾ ਅਗਾਜ਼ ਇਸ ਤੋਂ ਪਹਿਲਾਂ ਛੀਨਾ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।ਉਪਰੰਤ ਵਿਦਿਆਰਥਣਾਂ ਦੁਆਰਾ ਸ਼ਬਦ ਗਾਇਨ ਕਰਕੇ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ।ਪ੍ਰੋਗਰਾਮ ਮੌਕੇ ਛੀਨਾ ਨੇ ਪ੍ਰਿੰ: ਨਾਨਕ ਸਿੰਘ ਨਾਲ ਮਿਲ ਕੇ ਵੱਖ-ਵੱਖ ਗਤੀਵਿਧੀਆਂ ’ਚ ਨਾਮਣਾ ਖੱਟਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਦਿਆਂ ਭਵਿੱਖ ’ਚ ਹੋਰਨਾਂ ਸਰਗਰਮੀਆਂ ਲਈ ਉਤਸ਼ਾਹਿਤ ਕੀਤਾ।
     ਛੀਨਾ ਨੇ ਲੜਕੀਆਂ ਨੂੰ ਪੜ੍ਹਾਉਣ ਸਬੰਧੀ ਅਤੇ ਵਿੱਦਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ’ਚ ਹਿੱਸਾ ਪਾਉਣ ਲਈ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜ ਦੀ ਉਨਤੀ ਤੇ ਤਰੱਕੀ ’ਚ ਕੁੜੀਆਂ ਦਾ ਖ਼ਾਸਾ ਯੋਗਦਾਨ ਹੈ, ਇਸ ਲਈ ਲੜਕਿਆਂ ਦੇ ਨਾਲ-ਨਾਲ ਆਪਣੀਆਂ ਬੇਟੀਆਂ ਨੂੰ ਘਰੇਲੂ ਕਾਰਜਾਂ ਦੇ ਨਾਲ ਉੱਚ ਤਾਲੀਮ ਵੀ ਦਿਵਾਉਣ ਲਈ ਯਤਨਸ਼ੀਲ ਰਹਿਣ।
     ਇਸ ਮੌਕੇ ਪ੍ਰਿੰ: ਨਾਨਕ ਸਿੰਘ ਨੇ ਕਾਲਜ ਦੀਆਂ ਉਪਲਬੱਧੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਸਮਾਂ ਅਤਿ-ਆਧੁਨਿਕ ਤਕਨੀਕ ਨਾਲ ਭਰਪੂਰ ਹੈ।ਜਿੱਥੇ ਲੜਕੇ ਵੱਖ-ਵੱਖ ਕਿੱਤਿਆਂ ਰਾਹੀਂ ਸਮਾਜ ’ਚ ਵੱਡਮੁੱਲਾ ਹਿੱਸਾ ਪਾ ਰਹੇ ਹਨ, ਉਥੇ ਸਿੱਖਿਅਤ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਲਜ ’ਚ ਦੂਰ-ਦੁਰਾਂਡੇ ਪਿੰਡਾਂ ਤੇ ਕਸਬਿਆਂ ਤੋਂ ਲੜਕੀਆਂ ਵਿੱਦਿਆ ਗ੍ਰਹਿਣ ਕਰਨ ਲਈ ਆਉਂਦੀਆਂ ਹਨ ਅਤੇ ਕਾਲਜ ਦੀ ਪ੍ਰਸਿੱਧੀ ਲਈ ਸਮੇਂ-ਸਮੇਂ ਹੋਣ ਵਾਲੇ ਪ੍ਰੋਗਰਾਮਾਂ ’ਚ ਆਪਣੀ ਸ਼ਾਨਦਾਰ ਕਾਬਲੀਅਤ ਦਾ ਮੁਜ਼ਾਹਰਾ ਕਰਕੇ ਨਾਮਣਾ ਖੱਟ ਰਹੀਆਂ ਹਨ।
     ਇਸ ਮੌਕੇ ਪ੍ਰੋ: ਮੋਹਿੰਦਰ ਸਿੰਘ, ਨਰਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥਣਾਂ ਮੌਜ਼ੂਦ ਸਨ।ਇਸ ਮੌਕੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਗਿੱਧਾ, ਲੋਕ ਗੀਤ, ਸਾਜ਼ੀ ਤਾਣ ਆਦਿ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply