ਐਮ.ਪੀ ਲੈਂਡ ਫੰਡ ਦੀ ਪਹਿਲੀ ਕਿਸ਼ਤ `ਚੋਂ 2.50 ਕਰੋੜ ਹਸਪਤਾਲ ਦੇ ਵਿਕਾਸ ਲਈ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਬੀਤੇ ਦਿਨ ਦੂਸਰੀ ਵਾਰ ਸੰਸਦ ਮੈਂਬਰ ਚੁਣੇ ਗਏ ਨੌਜੁਆਨ ਕਾਂਗਰਸੀ
ਗੁਰਜੀਤ ਸਿੰਘ ਔਜਲਾ ਨੇ ਮੈਂਬਰ ਪਾਰਲੀਮੈਂਟ ਦੇ ਦੂਜੇ ਦੌਰ ਦੇ ਪਹਿਲੇ ਦਿਨ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਵਿਸੇਸ਼ ਦੌਰੇ ਨਾਲ ਕੀਤੀ ਜਿਥੇ ਉਨ੍ਹਾਂ ਨੇ ਹਸਪਤਾਲ ਵਿੱਚ ਚੱਲ ਰਹੇ ਨਿਰਮਾਣ ਕਾਰਜ ਅਤੇ ਸਫਾਈ ਪ੍ਰਬੰਧਾਂ ਦੀ ਵਿਸੇਸ਼ ਜਾਂਚ ਕੀਤੀ।
ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਪੁੱਜੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਸੀਨੀਅਰ ਡਾਕਟਰਾਂ ਤੇ ਹੋਰ ਸਟਾਫ ਨਾਲ ਮੁਲਾਕਾਤ ਕਰਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਹਸਪਤਾਲ ਵਲੋਂ ਅੰਮ੍ਰਿਤਸਰ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਇੱਕਜੁਟਤਾ ਨਾਲ ਕੰਮ ਕਰਨ ਦੀ ਗੱਲ ਕੀਤੀ ਗਈ।ਉਨਾਂ ਨੇ ਐਲਾਨ ਕੀਤਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸਤਾਬਦੀ ਨੂੰ ਸਮਰਪਿਤ ਹਸਪਤਾਲ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਦੇਣ ਲਈ ਉਨ੍ਹਾਂ ਦੇ ਐਮ.ਪੀ ਲੈਂਡ ਫੰਡ ਦੀ ਪਹਿਲੀ ਕਿਸ਼ਤ ਵਿਚੋਂ 2.50 ਕਰੋੜ ਰੁਪਏ ਦਿਤੇ ਜਾਣਗੇ ਜੋ ਸਥਾਨਕ ਵਿਧਾਇਕਾਂ ਦੀ ਸਲਾਹ ਨਾਲ ਹਸਪਤਾਲ ਦੇ ਵਿਕਾਸ ਲਈ ਖਰਚ ਕੀਤੇ ਜਾਣਗੇ।ਔਜਲਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਹਸਪਤਾਲ ਪੀ.ਜੀ.ਆਈ ਦੇ ਮੁਕਾਬਲੇ ਦਾ ਹਸਪਤਾਲ ਹੈ ਅਤੇ ਇਥੋਂ ਦੀਆਂ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਲਈ ਸਿਹਤ ਵਿਭਾਗ ਪੰਜਾਬ ਸਰਕਾਰ ਤੇ ਜ਼ਿਲ਼੍ਹਾ ਪ੍ਰਸਾਸ਼ਨ ਵਲੋਂ ਸਾਂਝੇ ਤੌਰ `ਤੇ ਯਤਨ ਕੀਤੇ ਜਾਣਗੇ।
ਔਜਲਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਤੰਦਰੁਸਤ ਪੰਜਾਬ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜੇ ਚੰਗੀਆਂ ਸਿਹਤ ਸੇਵਾਵਾਂ ਹੋਣਗੀਆਂ ਤਾਂ ਹੀ ਪੰਜਾਬ ਦੇ ਨਾਗਰਿਕ ਤੰਦਰੁਸਤ ਰਹਿ ਸਕਣਗੇ। ਔਜਲਾ ਨੇ ਕਿਹਾ ਕਿ ਹਸਪਤਾਲ ਦੇ ਸਮੂਹ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਨਣ ਉਪਰੰਤ ਖਾਲੀ ਪੋਸਟਾਂ ਸੰਬੰਧੀ ਲਿਸਟਾਂ ਬਣਾਉਣ ਦੇ ਨਿਰਦੇਸ਼ ਦੇ ਦਿਤੇ ਗਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੇ ਧਿਆਨ ਵਿੱਚ ਲਿਆ ਕੇ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਕਰਨ ਅਤੇ ਜਨ ਕਲਿਆਨ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਔਜਲਾ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਸ਼ਿਵਚਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੀ ਜਾਂਚ ਕੀਤੀ ਤੇ ਮੌਕੇ ਤੇ ਪਾਈਆਂ ਕਮੀਆਂ ਨੂੰ ਦੂਰ ਕਰਨ ਅਤੇ ਸਫਾਈ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਵੀ ਦਿਤੇ। ਔਜਲਾ ਨੇ ਕਿਹਾ ਕਿ ਇਹ ਹਸਪਤਾਲ 550ਵੇਂ ਜਨਮ ਸ਼ਤਾਬਦੀ ਸਮੇਂ ਸੂਬੇ ਦੀ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।ਇਸ ਸਮੇਂ ਉਨ੍ਹਾਂ ਨਾਲ ਹਸਪਤਾਲ ਦੇ ਕਰਮਚਾਰੀ ਤੇ ਡਾਕਟਰਾਂ ਦੀ ਟੀਮ ਹਾਜਰ ਸੀ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media