ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਨੌਜਵਾਨਾਂ ਨੂੰ ਫ਼ੁੱਟਬਾਲ ਦੇ ਗੁਰ ਸਿਖਾਉਣ ਅਤੇ ਖੇਡਾਂ ਨੂੰ ਪ੍ਰਫ਼ੁਲਿੱਤ ਕਰਨ ਦੇ ਮਕਸਦ ਤਹਿਤ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸਮਰ ਕੋਚਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ।ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ 10 ਰੋਜ਼ਾ ਦੇ ਇਸ ਲੰਬੇ ਕੈਂਪ ’ਚ ਵੱਖ-ਵੱਖ ਸਕੂਲਾਂ ਦੇ ਨੌਜਵਾਨ ਖਿਡਾਰੀ ਜੋ ਕਿ ਮਾਹਿਰ ਕੋਚਾਂ ਦੁਆਰਾ ਖੇਡ ਦੇ ਬੁਨਿਆਦੀ ਗੁਰ ਸਿੱਖਣਗੇ।
ਕੈਂਪ ਦਾ ਉਦਘਾਟਨ ਕਰਨ ਉਪਰੰਤ ਛੀਨਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਕੇਂਦਰਿਤ ਕਰਨ ਲਈ ਇਹ ਸ਼ੁਰੂਆਤੀ ਉਮਰ ਉਚਿੱਤ ਹੈ ਅਤੇ ਉਨ੍ਹਾਂ ਨੂੰ ਸਹੀ ਸਿਖਲਾਈ ਪ੍ਰਦਾਨ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਜੋਂ ਉਭਾਰਣ ਲਈ ਮਾਹਿਰਾਂ ਵਲੋਂ ਫ਼ੁੱਟਬਾਲ ਖੇਡ ਸਬੰਧੀ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਛੀਨਾ ਨੇ ਕਿਹਾ ਕਿ ਵਿਦਿਆਰਥੀ ਉਚ ਮੁਹਾਰਤ ਹਾਸਲ ਕਰਕੇ ਭਵਿੱਖ ’ਚ ਆਪਣੇ ਦੇਸ਼ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਜਾਗਰ ਕਰਨ। ਇਸ ਮੌਕੇ ਛੀਨਾ ਨੇ ਖ਼ਾਲਸਾ ਫੁੱਟਬਾਲ ਕਲੱਬ ਵੱਲੋਂ ਸਵ: ਜੁਗਿੰਦਰ ਸਿੰਘ ਮਾਨ ਦੀ ਯਾਦ ’ਚ ਗਰਮੀ ਦੀਆਂ ਛੁੱਟੀਆਂ ਮੌਕੇ ਵਿਦਿਆਰਥੀਆਂ ਨੂੰ ਫੁੱਟਬਾਲ ਦੀ ਸਿਖਲਾਈ ਦੇਣ ਲਈ ਲਗਾਏ ਸਮਰ ਕੋਚਿੰਗ ਕੈਂਪ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਕੈਂਪ ਦੌਰਾਨ ਫੁੱਟਬਾਲ ਪ੍ਰਤੀ ਦਿਲਚਸਪੀ ਵਿਖਾਉਂਦੇ ਹੋਏ ਕਰੀਬ 60 ਖਿਡਾਰੀ ਮਾਹਿਰ ਕੋਚਾਂ ਪਾਸੋਂ ਸਿਖਲਾਈ ਪ੍ਰਾਪਤ ਕਰਨਗੇ।
ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਵੱਖ-ਵੱਖ ਉਮਰ ਦੇ 60 ਤੋਂ ਵਧੇਰੇ ਖਿਡਾਰੀ ਇਸ ਕੋਚਿੰਗ ਕੈਂਪ ਦਾ ਹਿੱਸਾ ਬਣਨਗੇ ਜਿਨ੍ਹਾਂ ਨੂੰ ਫੁੱਟਬਾਲ ਦੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਿਖਲਾਈ ਲੈਣ ਵਾਲੇ ਖਿਡਾਰੀਆਂ ਨੂੰ ਦੇਸ਼ ’ਚ ਫੁੱਟਬਾਲ ਖੇਡ ਦੇ ਭਵਿੱਖ, ਮੁਫ਼ਤ ਰਿਫਰੈੱਸ਼ਮੈਂਟ ਅਤੇ ਹੋਰਨਾਂ ਨੁਕਤਿਆਂ ਸਬੰਧੀ ਜਾਣਕਾਰੀ ਮੁਹੱਈਆ ਕੀਤੀ ਜਾਵੇਗੀ।ਫੁਟਬਾਲ ਕਲੱਬ ਦੇ ਪ੍ਰਧਾਨ ਮਨਵਿੰਦਰ ਸਿੰਘ ਅਟਾਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਫੁਟਬਾਲ ਦੀ ਖੇਡ ਨੂੰ ਪ੍ਰਫ਼ੁਲਿੱਤ ਕਰਨਾ ਹੈ ਅਤੇ ਨੌਜਵਾਨ ਖਿਡਾਰੀਆਂ ਨੂੰ ਖੇਡ ਨੂੰ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ।ਖਿਡਾਰੀਆਂ ਨੂੰ ਦੁੱਧ ਅਤੇ ਕੇਲੇ ਰਿਫਰੈਸ਼ਮੈਂਟ ਵਜੋਂ ਦਿੱਤੇ ਗਏ।
ਇਸ ਮੌਕੇ ਪ੍ਰਦੀਪ ਕੁਮਾਰ, ਦਲਜੀਤ ਸਿੰਘ, ਭੁਪਿੰਦਰ ਸਿੰਘ, ਰਣਕੀਰਤ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ ਲਾਲੀ, ਸਵਰਨ ਸਿੰਘ, ਅੰਮ੍ਰਿਤਪਾਲ ਸਿੰਘ, ਮਨਵਿੰਦਰ ਸਿੰਘ ਹੈਪੀ ਆਦਿ ਮੌਜੂਦ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media