ਫਿੱਕੀ ਫਲੋਅ ਦੇ ‘ਗੋ ਗਰੀਨ’ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਓ.ਪੀ ਸੋਨੀ ਨੇ ਅੱਜ ਗੁੰਮਟਾਲਾ ਸੜਕ ਉਤੇ ਜਾਗਰੂਕ ਇਸਤਰੀਆਂ ਦੀ ਸੰਸਥਾ ‘ਫਿਕੀ
ਫਲੋਅ’ ਵੱਲੋਂ ਸ਼ੁਰੂ ਕੀਤੇ ਗਏ ‘ਗੋ ਗਰੀਨ’ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਕਿਹਾ ਕਿ ਜੇਕਰ ਆਪਾਂ ਸਾਰੇ ਆਪਣਾ ਭਵਿੱਖ, ਜਿਸ ਵਿਚ ਸਾਡੇ ਬੱਚੇ, ਪੋਤਰੇ-ਪੋਤਰੀਆਂ, ਦੋਹਤੇ-ਦੋਹਤੀਆਂ ਵੀ ਸ਼ਾਮਿਲ ਹਨ, ਚਾਹੁੰਦੇ ਹਾਂ, ਤਾਂ ਸਾਨੂੰ ਵਾਤਾਵਰਣ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਅੱਜ ਸਾਹ ਲੈਣ ਲਈ ਸਾਫ ਹਵਾ ਨਹੀਂ, ਪੀਣ ਲਈ ਸਾਫ ਪਾਣੀ ਨਹੀਂ ਅਤੇ ਖਾਣ ਲਈ ਸ਼ੁਧ ਖੁਰਾਕ ਨਹੀਂ ਤੇ ਅਜਿਹੇ ਹਾਲਤ ਵਿਚ ਅਸੀਂ ਆਪਣਾ ਭਵਿੱਖ ਕਿਸ ਤਰਾਂ ਦਾ ਹੋਵੇਗਾ, ਬਾਰੇ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ।
ਸੋਨੀ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਜਿੱਥੇ ਅੱਜ ਤੋਂ ਕਰੀਬ ਅੱਧੀ ਸਦੀ ਪਹਿਲਾਂ ਧਰਤੀ ਹੇਠ 8-10 ਫੁੱਟ ਉਤੇ ਹੀ ਪੀਣ ਵਾਲਾ ਸਾਫ-ਸੁਥਰਾ ਪਾਣੀ ਮਿਲ ਜਾਂਦਾ ਸੀ, ਦਾ ਇਕ ਤਾਂ ਪੱਧਰ 100 ਫੁੱਟ ਦੇ ਕਰੀਬ ਪਹੁੰਚ ਗਿਆ, ਦੂਸਰਾ ਧਰਤੀ ਦੇ ਉਪਰਲੇ ਹਿੱਸੇ ਦੀ ਪਾਣੀ ਦੀ ਪਰਤ ਮਨੁੱਖੀ ਗਲਤੀਆਂ ਕਾਰਨ ਇੰਨੀ ਅਸ਼ੁੱਧ ਹੋ ਗਈ ਹੈ, ਉਹ ਪੀਣ ਵਾਲਾ ਨਹੀਂ ਰਿਹਾ।ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦ ਸਾਡੇ ਘਰਾਂ ਵਿਚ ਲੱਗੇ ਟਿੳੂਬਵੈਲ ਜਵਾਬ ਦੇ ਜਾਣਗੇ।
ਸੋਨੀ ਨੇ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਦੀ ਦੂਰ-ਅੰਦੇਸ਼ੀ ਦੀ ਸ਼ਿਫਤ ਕਰਦੇ ਕਿਹਾ ਕਿ ਉਨਾਂ ਨੇ ਗੁਰੂ ਨਾਨਕ ਸਾਹਿਬ ਦੇ 550ਵੇਂ ਸਾਲ ਦੀ ਯਾਦ ਵਿਚ ਹਰੇਕ ਪਿੰਡ ਵਿਚ 550 ਬੂਟੇ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ੁਰੂਆਤ ਪਿਛਲੇ ਸਾਲ ਕਰ ਦਿੱਤੀ ਗਈ ਸੀ ਅਤੇ ਇਸ ਸਾਲ ਲਗਾਤਾਰ ਇਹ ਕੰਮ ਜਾਰੀ ਰਹੇਗਾ। ਉਨਾਂ ਹਾਜ਼ਰੀਨ ਨੂੰ ਬੂਟੇ ਲਗਾਉਣ ਦਾ ਸੱਦਾ ਦਿੰਦੇ ਕਿਹਾ ਕਿ ਜਿੱਥੇ ਖ਼ੁਦ ਦਰਖਤ ਲਗਾਉਣ, ਉਥੇ ਸਰਕਾਰ ਵੱਲੋਂ ਲਗਾਏ ਜਾ ਰਹੇ ਬੂਟਿਆਂ ਨੂੰ ਪਾਣੀ ਪਾ ਕੇ ਵਾਤਾਵਰਣ ਸੰਭਾਲ ਵਿਚ ਸਰਕਾਰ ਦਾ ਸਾਥ ਦੇਣ।ਉਨਾਂ ਵਾਤਾਵਰਣ ਉਤੇ ਕੰਮ ਕਰਨ ਲਈ ਫਿੱਕੀ ਦੀ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਹਰਜਿੰਦਰ ਕੌਰ ਤਲਵਾੜ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਹਰ ਤਰਾਂ ਦੀ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।ਉਨਾਂ ਕਿਹਾ ਕਿ ਇੰਨਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਨਾਲ ਸ਼ਹਿਰ ਵਿਚ ਹਰਿਆਵਲ ਵਧੇਗੀ ਅਤੇ ਪ੍ਰਦੂਸ਼ਣ ਘਟੇਗਾ।ਉਨਾਂ ਘਰਾਂ ਤੇ ਹੋਰ ਸਥਾਨਾਂ ਉਤੇ ਵਰਟੀਕਲ ਗਾਰਡਨ ਲਗਾਉਣ ਦੀ ਸਲਾਹ ਦਿੰਦੇ ਕਿਹਾ ਕਿ ਜਿਸ ਤਰਾਂ ਗੁੰਮਟਾਲਾ ਬਾਈਪਾਸ ਹੇਠ ਇਸ ਸੰਸਥਾ ਨੇ ਵਰਟੀਕਲ ਗਾਰਡਨ ਤਿਆਰ ਕੀਤਾ ਹੈ, ਉਸ ਤਰਾਂ ਦੇ ਗਾਰਡਨ ਤੁਸੀਂ ਆਪਣੀਆਂ ਕੰਧਾਂ ਤੇ ਕੋਠੀਆਂ ਉਤੇ ਵੀ ਕਰ ਸਕਦੇ ਹੋ।ਸੋਨੀ ਨੇ ਇਸ ਮੌਕੇ ਪੁਲਿਸ ਚੌਕੀਂ ਗੁੰਮਟਾਲਾ ਵਿਚ ਪਿੱਪਲ, ਆਂਵਲਾ, ਨਿੰਮ ਦੇ ਬੂਟੇ ਵੀ ਲਗਾਏ ਗਏ।
ਦੱਸਣਯੋਗ ਹੈ ਕਿ ਗੁੰਮਟਾਲਾ ਬਾਈਪਾਸ ਹੇਠ ਫਿੱਕੀ ਲੇਡੀਜ਼ ਦੇ ਅੰਮ੍ਰਿਤਸਰ ਚੈਪਟਰ ਦੇ ਯਤਨਾਂ ਨਾਲ ਰੋਹਿਤ ਮਹਿਰਾ ਤੇ ਗੀਤਾਂਜਲੀ ਮਹਿਰਾ ਦੁਆਰਾ ਵਰਟੀਕਲ ਗਾਰਡਨ ਤਿਆਰ ਕੀਤਾ ਗਿਆ।ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਆਰੂਸ਼ੀ ਵਰਮਾ, ਗੁਰਜੀਤ ਕੌਰ ਔਜਲਾ, ਅਸ਼ੋਕ ਸੇਠੀ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media