ਪੰਜਾਬ ਸਰਕਾਰ ਦੀ ਸੈਰ ਸਪਾਟਾ ਨਾਲ ਸਬੰਧਤ ਕੋਈ ਵੀ ਥਾਂ ਨਹੀਂ ਵੇਚੀ ਜਾਵੇਗੀ – ਚੰਨੀ
ਚੰਡੀਗੜ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਗੁਰੁ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ ਦੀਆਂ ਨਾਨਕ ਨਾਮ ਲੇਵਾ
ਸੰਸਥਾਵਾਂ ਨੂੰ ਨਾਲ ਲੈ ਕੇ ਸਿੱਖ ਰਹਿਤ ਮਰਿਆਦਾ ਨਾਲ ਮਨਾਇਆ ਜਾਵੇਗਾ।ਅੱਜ ਇਥੇ ਸਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਵਿਭਾਗ ਦਾ ਚਾਰਜ ਲੈਣ ਉਪਰੰਤ ਵਿਭਾਗ ਦੇ ਅਧਿਕਾਰੀਆਂ ਨਾਲ ਚੱਲੀ ਲੰਮੀ ਮੀਟਿੰਗ ਉਪਰੰਤ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਜ਼ੋਰ ਦੇ ਕੇ ਆਖੀ।
ਚੰਨੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਦੁਨੀਆਂ ਭਰ ਦੀਆਂ ਨਾਨਕ ਲੇਵਾ ਸੰਸਥਾਵਾਂ ਨਾਲ ਤਾਲਮੇਲ ਕਰਕੇ ਗੁਰੁ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾਣ ਅਤੇ ਪੂਰਨ ਸਿੱਖ ਮਰਿਆਯਾਦਾ ਅਨੁਸਾਰ ਇਹ ਪ੍ਰੋਗਰਾਮ ਮਨਾਏ ਜਾਣ।ਉਨਾਂ ਕਿਹਾ ਕਿ ਗੁਰੁ ਸਾਹਿਬ ਦਾ 550 ਸਾਲਾ ਮਨਾਉਣ ਲਈ ਡਿਊਟੀ ਨਹੀਂ ਬਲਕਿ ਸੇਵਾ ਭਾਵਨਾ ਨਾਲ ਕਾਰਜ ਕੀਤੇ ਜਾਣ। ਉਨਾਂ ਕਿਹਾ ਕਿ ਇਨਾਂ ਸਮਾਗਮਾ ਵਿਚ ਦੁਨੀਆਂ ਭਰ ਦੀਆਂ ਮਾਈਨਾਜ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਇੱਕ ਅਹਿਮ ਐਲਾਨ ਕਰਦਿਆਂ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੈਰ ਸਪਾਟਾ ਨਾਲ ਸਬੰਧਤ ਕੋਈ ਵੀ ਥਾਂ/ਜ਼ਮੀਨ ਵੇਚੀ ਨਹੀਂ ਜਾਵੇਗੀ।ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਨਾਂ ਥਾਵਾਂ ਨੂੰ ਸੈਰ ਸਪਾਟੇ ਦੇ ਕੇਂਦਰਾਂ ਵਜੋ ਵਿਕਸਤ ਕਰਨ ਲਈ ਰਿਪੋਰਟ ਤਿਆਰ ਕਰਕੇ ਜਲਦ ਤੋਂ ਜਲਦ ਪੇਸ਼ ਕਰਨ ਲਈ ਕਿਹਾ।
ਇਸ ਮੌਕੇ ਪੰਜਾਬੀ ਸਭਿਆਚਾਰ ਨੂੰ ਪ੍ਰਦੂਸ਼ਤ ਕਰਨ ਅਤੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਖਿਲਾਫ ਕਾਰਵਾਈ ਲਈ ਗੰਭੀਰ ਚਰਚਾ ਕੀਤੀ ਗਈ। ਚੰਨੀ ਨੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਨੂੰ ਠੱਲ ਪਾਉਣ ਲਈ ਵਿਸੇਸ਼ ਐਕਟ ਬਣਾਉਣ ਲਈ ਖਰੜਾ ਤਿਆਰ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਉਨਾਂ ਨੇ ਇਸ ਸਬੰਧੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨਾਲ ਵੀ ਫੋਨ `ਤੇ ਗੱਲ ਕੀਤੀ ਅਤੇ ਦੋਵਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਐਕਟ ਤਿਆਰ ਕਰਨ ਲਈ ਵਿਚਾਰ ਕਰਨ ਲਈ ਜਲਦ ਮੀਟਿੰਗ ਕੀਤੀ ਜਾਵੇ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਿਕਾਸ ਪ੍ਰਤਾਪ ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਮਾਲਵਿੰਦਰ ਸਿੰਘ ਜੱਗੀ ਡਾਇਰੈਕਟਰ, ਲਖਮੀਰ ਸਿੰਘ ਸੰਯੁਕਤ ਡਾਇਰੈਕਟਰ ਸਭਿਆਚਾਰਕ ਮਾਮਲੇ, ਸੰਜੀਵ ਕੁਮਾਰ ਕਾਰਜਕਾਰੀ ਡਾਇਰੈਕਟਰ ਪੀ.ਐਚ.ਟੀ.ਪੀ.ਬੀ, ਅਨੁਪ੍ਰਿਤਾ ਜੌਹਲ ਡਿਪਟੀ ਸਕੱਤਰ ਸੈਰ ਸਪਾਟਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media