Wednesday, April 29, 2026

ਐਮਾਜੋਨ ਤੇ ਫਲਿੱਪਕਾਰਟ ਨੂੰ ਸ਼੍ਰੋਮਣੀ ਕਮੇਟੀ ਨੇ ਭੇਜਿਆ ਕਾਨੂੰਨੀ ਨੋਟਿਸ

ਮਾਮਲਾ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਦੀ ਵਿਕਰੀ ਦਾ

Gobind-Singh-Longowal-300x283ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਆਨਲਾਈਨ ਵਿਕਰੀ ਵਾਲੀਆਂ ਵੈਬਸਾਈਟਾਂ ਐਮਾਜੋਨ ਤੇ ਫਲਿੱਪਕਾਰਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਬਣਾ ਕੇ ਵੇਚਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ।ਕਮੇਟੀ ਨੇ ਐਮਾਜੋਨ ਤੇ ਫਲਿੱਪਕਾਰਟ ਵੱਲੋਂ ਸਿੱਖ ਸਿਧਾਂਤਾਂ ਅਤੇ ਰਵਾਇਤਾਂ ਦੇ ਵਿਰੁੱਧ ਗੁਰੂ ਸਾਹਿਬ ਦੀਆਂ ਮੂਰਤੀਆਂ ਦੀ ਵਿਕਰੀ ’ਤੇ ਕਾਰਵਾਈ ਕਰਦਿਆਂ ਉਕਤ ਦੋਹਾਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਨੂੰ ਕੰਪਨੀਆਂ ਵੱਲੋਂ ਜਾਣਬੁੱਝ ਕੇ ਕੀਤੀ ਗਈ ਹਰਕਤ ਕਰਾਰ ਦਿੱਤਾ ਹੈ।ਉਨ੍ਹਾਂ ਆਖਿਆ ਕਿ ਸਿੱਖੀ ਦੀਆਂ ਸ਼ਾਨਾਮੱਤੀਆਂ ਰਵਾਇਤਾਂ ਅਤੇ ਵਿਲੱਖਣ ਸਿਧਾਂਤਾਂ ਨੂੰ ਰਲਗਡ ਕਰਨ ਵਾਲੀਆਂ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਐਮਾਜ਼ੋਨ ਕੰਪਨੀ ਨੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਤੌਹੀਨ ਕੀਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇਂ ਕੰਪਨੀ ਖ਼ਿਲਾਫ਼ ਕਾਰਵਾਈ ਕਰਨ ’ਤੇ ਕੰਪਨੀ ਨੇ ਮੁਆਫ਼ੀ ਮੰਗ ਲਈ ਸੀ। ਹੁਣ ਫਿਰ ਇਸ ਕੰਪਨੀ ਵੱਲੋਂ ਸਿੱਖ ਸਿਧਾਂਤਾਂ ਅਤੇ ਪਰੰਪਰਾਵਾਂ ਦੇ ਖ਼ਿਲਾਫ਼ ਮੂਰਤੀ ਪੂਜਾ ਦੇ ਰੁਝਾਨ ਨੂੰ ਗੁਰੂ ਸਾਹਿਬ ਦੀਆਂ ਮੂਰਤੀਆਂ ਨਾਲ ਜੋੜਿਆ ਗਿਆ ਹੈ।ਉਨ੍ਹਾਂ ਆਖਿਆ ਕਿ ਸਿੱਖ ਕੇਵਲ ਇੱਕ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਜੀ ਦੇ ਪਾਵਨ ਉਪਦੇਸ਼ਾਂ (ਗੁਰਬਾਣੀ) ਨੂੰ ਹੀ ਮੰਨਦੇ ਹਨ ਅਤੇ ਸਿੱਖੀ ਅੰਦਰ ਮੂਰਤੀ ਪੂਜਾ ਨੂੰ ਕੋਈ ਥਾਂ ਨਹੀਂ ਹੈ। ਇਸ ਲਈ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਨੂੰ ਵਿਕਰੀ ’ਤੇ ਲਗਾ ਕੇ ਸਿੱਖ ਸਿਧਾਂਤਾਂ ਦੀ ਵਿਲੱਖਣਤਾ ਨੂੰ ਸੱਟ ਮਾਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਕੰਪਨੀਆਂ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਹਨ ਅਤੇ ਜੇਕਰ ਇਨ੍ਹਾਂ ਨੇ ਤੁਰੰਤ ਵੈਬਸਾਈਟ ਤੋਂ ਗੁਰੂ ਸਾਹਿਬ ਦੀਆਂ ਮੂਰਤੀਆਂ ਨਾ ਹਟਾਈਆਂ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਖਿਲਾਫ਼ ਸਿਵਲ ਤੇ ਫੌਜਦਾਰੀ ਕਾਰਵਾਈ ਵੀ ਕੀਤੀ ਜਾਵੇਗੀ।ਲੌਂਗੋਵਾਲ ਨੇ ਸਿੱਖ ਸੰਗਤ ਨੂੰ ਵੀ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਅਜਿਹੀਆਂ ਸਿੱਖ ਵਿਰੋਧੀ ਚਾਲਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ ਅਤੇ ਆਨਲਾਈਨ ਵਿਕਰੀ ’ਤੇ ਲਗਾਈਆਂ ਗਈਆਂ ਮੂਰਤੀਆਂ ਨਾ ਖ਼ਰੀਦੀਆਂ ਜਾਣ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply