ਅੰਮ੍ਰਿਤਸਰ, 13, ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਕੌਂਸਲ ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਦੇ ਸਾਂਝੇ
ਉਦਮਾਂ ਨਾਲ ਅੱਜ ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਜਲਵਾਯੂ ਤਬਦੀਲੀ ਅਨੂਕੁਲਤਾ ਸਬੰਧੀ 10 ਤੋਂ 13 ਜੂਨ, 2019 ਤੱਕ ਚਾਰ ਰੋਜਾ ਸੈਮੀਨਾਰ ਕਰਵਾਇਆ ਗਿਆ ਸੀ। ਇਸ ਦੇ ਆਖਰੀ ਦਿਨ ਅੱਜ ਇਸ ਸੈਮੀਨਾਰ ਵਿੱਚ ਸ਼ਾਮਲ ਤਰਨਤਾਰਨ, ਗੁਰਦਾਪਸੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੀ ਵੰਡੇ ਗਏ।
ਟ੍ਰੇਨਿੰਗ ਸਰਟੀਫਿਕੇਟ ਵੰਡਦਿਆਂ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰਾਂ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਾਤਾਵਰਣ ਸੰਭਾਲਣ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਪਾਣੀ ਸਾਡਾ ਵੱਡਮੁੱਲਾ ਧਨ ਹੈ ਅਤੇ ਇਸ ਦੀ ਦੁਰਵਰਤੋਂ ਨੂੰ ਰੋਕਣਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ।ਉਨ੍ਹਾਂ ਸੈਮੀਨਾਰ ਵਿੱਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੇ ਆਂਢ-ਗੁਆਂਢ, ਆਪਣੇ ਅਧੀਨ ਕੰਮ ਕਰਦੇ ਵਰਕਰਾਂ ਨੂੰ ਇਹ ਸਮਝਾਉਣ ਕਿ ਪਾਣੀ ਇਕ ਵੱਡਮੁੱਲੀ ਦਾਤ ਹੈ ਅਤੇ ਇਸ ਨੂੰ ਜਾਇਆ ਨਾ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਦਾ ਸਤਰ ਲਗਾਤਾਰ ਘਟ ਰਿਹਾ ਹੈ ਜੇਕਰ ਅਸੀਂ ਹੁਣ ਵੀ ਇਸ ਤੇ ਕਾਬੂ ਨਾ ਪਾਇਆ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪਾਣੀ ਲਈ ਸੰਘਰਸ਼ ਕਰਨਾ ਪਵੇਗਾ।
ਅਗਰਵਾਲ ਨੇ ਕਿਹਾ ਕਿ ਸਾਨੂੰ ਆਪਣਾ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਦਾ ਉਪਯੋਗ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ।ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਸ.ਪੀ.ਜੋਸ਼ੀ ਜਨਰਲ ਮੈਨੇਜਰ ਮੈਗਸਿਪਾ ਨੇ ਦੱਸਿਆ ਕਿ ਸਾਡਾ ਵਾਤਾਵਰਣ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਿਹਾ ਹੈ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਅਸੀਂ ਅੱਗੇ ਆਈਏ।ਉਨ੍ਹਾਂ ਕਿਹਾ ਕਿ ਜੇਕਰ ਹਰ ਮਨੁੱਖ ਇਕ ਇਕ ਵੀ ਪੌਦਾ ਲਗਾਵੇ ਤਾਂ ਅਸੀਂ ਆਪਣੇ ਵਾਤਾਵਰਣ ਨੂੰ ਬਚਾ ਸਕਦੇ ਹਾਂ।ਜੋਸ਼ੀ ਨੇ ਕਿਹਾ ਕਿ ਲੋੜ ਹੈ ਅਸੀਂ ਮਿਲ ਜੁਲ ਕੇ ਹੰਭਲਾ ਮਾਰੀਏ ਅਤੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ।ਉਨ੍ਹਾਂ ਕਿਹਾ ਕਿ ਧਰਤੀ, ਹਵਾ, ਪਾਣੀ ਤਿੰਨੇ ਚੀਜਾਂ ਵਿਅਕਤੀ ਲਈ ਜਰੂਰੀ ਹਨ ਜੇਕਰ ਅਸੀਂ ਆਪਣੀ ਧਰਤੀ ਹਵਾ ਅਤੇ ਪਾਣੀ ਨੂੰ ਵੀ ਨਾ ਬਚਾ ਸਕੇ ਤਾਂ ਮਨੁੱਖ ਜਾਤੀ ਦਾ ਨਾਸ਼ ਹੋਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ, ਪਲਾਸਟਿਕ ਦੀਆਂ ਬਣੀਆਂ ਵਸਤੂਆਂ ਦਾ ਉਪਯੋਗ ਘੱਟ ਕਰਨਾ, ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਾਡੀ ਸਭ ਦੀ ਜਿੰਮੇਵਾਰੀ ਹੈ।ਸੈਮੀਨਾਰ ਨੂੰ ਮਿਸ ਇਸ਼ਪਿੰਦਰ ਕੌਰ ਸਟੈਟ ਪ੍ਰਾਜੈਕਟ ਅਫਸਰ, ਡਾ: ਮਨਪ੍ਰੀਤ ਸਿੰਘ ਭੱਟੀ, ਐਸੋਸੀਏਟ ਪ੍ਰੋਫੈਸਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ: ਹਰਦੀਪ ਕੌਰ ਮਾਸਟਰ ਟ੍ਰੇਨਰ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਇਸ ਮੌਕੇ ਦੀਪਕ ਬੱਬਰ ਅਤੇ ਕਸ਼ਮੀਰ ਸਿੰਘ ਗਿੱਲ ਮਿਸ਼ਨ ਅਗਾਜ, ਗੁਰਮੁੱਖ ਸਿੰਘ ਬਟਾਲਾ, ਹਰਬਖਸ਼ ਸਿੰਘ ਬਟਾਲਾ, ਡਾ: ਐਚ.ਐਸ ਕੰਗ, ਲਖਬੀਰ ਸਿੰਘ ਅਤੇ ਪ੍ਰਗਟ ਸਿੰਘ ਬੀ.ਡੀ.ਪੀ.ਓ ਤਰਨਤਾਰਨ, ਰਾਜ ਕੁਮਾਰ ਗੁਪਤਾ ਪ੍ਰਿੰਸੀਪਲ ਪਠਾਨਕੋਟ, ਮਨਜਿੰਦਰ ਸਿੰਘ ਪੰਚਾਇਤ ਅਫਸਰ ਬਟਾਲਾ, ਨਵਦੀਪ ਜੋਸ਼ੀ ਲੈਕਚਰਾਰ, ਵਿਕਾਸ ਸ਼ਰਮਾ ਦਫਤਰ ਡੀ.ਐਫ.ਸੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਭਾਗਾਂ ਦੇ ਮੁੱਖੀ ਵੀ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media