ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਇਕ
ਅੰਤਰ-ਰਾਸ਼ਟਰੀ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਗਿਆ ਹੈ।ਇਹ ਨਗਰ ਕੀਰਤਨ ‘ਕਲਿ ਤਾਰਣ ਗੁਰੁ ਨਾਨਕ ਆਇਆ’ ਦੇ ਸਲੋਗਨ ਹੇਠ ਹੋਵੇਗਾ ਅਤੇ ਇਸ ਦੀ ਆਰੰਭਤਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਹੋਵੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਜੀ ਦੀ ਵਿਸ਼ਵ ਵਿਆਪੀ ਵਿਚਾਰਧਾਰਾ ਸਬੰਧੀ ਪ੍ਰੇਰਣਾ ਦੇ ਮੰਤਵ ਨਾਲ ਇਹ ਨਗਰ ਕੀਰਤਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੋਂ ਸ਼ੁਰੂ ਹੋ ਕੇ ਕਰੀਬ 100 ਦਿਨਾਂ ਬਾਅਦ ਗੁਰੂ ਸਾਹਿਬ ਜੀ ਨਾਲ ਸਬੰਧਤ ਭਾਰਤ ਵਿਚਲੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੰਨ ਹੋਵੇਗਾ।ਉਨ੍ਹਾਂ ਜਾਣਕਾਰੀ ਦਿੱਤੀ ਕਿ 25 ਜੁਲਾਈ 2019 ਨੂੰ ਆਰੰਭ ਹੋ ਕੇ ਨਗਰ ਕੀਰਤਨ ਭਾਰਤ ਦੇ 17 ਰਾਜਾਂ ਦੇ 65 ਵੱਡੇ ਸ਼ਹਿਰਾਂ ਤੱਕ ਪਹੁੰਚ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ਦੀ ਸ਼ੁਰੂਆਤ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ 550 ਸੰਗਤਾਂ ਦਾ ਇਕ ਵਿਸ਼ੇਸ਼ ਜਥਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਭੇਜਿਆ ਜਾਵੇਗਾ ਅਤੇ ਨਗਰ ਕੀਰਤਨ ਦੇ ਭਾਰਤ-ਪਾਕਿਸਤਾਨ ਸਰਹੱਦ ਵਾਹਗਾ-ਅਟਾਰੀ ਪੁੱਜਣ ’ਤੇ ਸ਼ਾਨਦਾਰ ਸਵਾਗਤ ਹੋਵੇਗਾ।ਇਥੇ ਧਾਰਮਿਕ, ਸਮਾਜਿਕ, ਰਾਜਨੀਤਕ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਦੇ ਨਾਲ-ਨਾਲ ਭਰਵੀਂ ਸੰਗਤ ਮੌਜੂਦ ਰਹੇਗੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media