Sunday, April 26, 2026

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂ ਪਰਮਜੀਤ ਕੌਰ ਦੀ ਹੋਈ ਰਿਹਾਈ

ਯੂਨੀਅਨ ਆਗੂਆਂ ਵਲੋਂ ਜ਼ੋਰਦਾਰ ਨਾਅਰਿਆਂ ਨਾਲ ਭਰਵਾਂ ਸਵਾਗਤ

PUNJ2706201910ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਪਿੰਡ ਮੀਮਸਾ ਤੋਂ ਆਗੂ ਪਰਮਜੀਤ ਕੌਰ ਦੇ ਜੇਲ੍ਹ ਤੋਂ ਜਮਾਨਤ ਤੇ ਰਿਹਾਅ ਹੋਣ ਉਪਰੰਤ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਵਲੋਂ ਜ਼ੋਰਦਾਰ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ ।
       ਜ਼ਿਕਰਯੋਗ ਹੈ ਕਿ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਸਿੰਘ ਅਤੇ ਪਿੰਡ ਮੀਮਸਾ ਦੀ ਆਗੂ ਪਰਮਜੀਤ ਕੌਰ ਉਪਰ ਬੀ.ਡੀ.ਪੀਓ ਧੂਰੀ ਵਲੋਂ ਪਰਚਾ ਦਰਜ ਕਰ ਦਿੱਤਾ ਗਿਆ ਸੀ ਅਤੇ ਬੀਤੀ 15 ਜੂਨ ਨੂੰ ਪਿੰਡ ਮੀਮਸਾ ਇਕਾਈ ਦੀ ਆਗੂ ਪਰਮਜੀਤ ਕੌਰ ਨੂੰ ਥਾਣਾ ਸਦਰ ਧੂਰੀ ਵਿਖੇ ਬੁਲਾ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਪਰਮਜੀਤ ਕੌਰ ਨੂੰ ਜ਼ਮਾਨਤ `ਤੇ ਰਿਹਾਅ ਹੋਣ ਸਮੇਂ ਸੰਗਰੂਰ ਜੇਲ੍ਹ ਦੇ ਬਾਹਰ ਸੈਂਕੜੇ ਲੋਕਾਂ ਅਤੇ ਮੀਮਸਾ ਜਬਰ ਵਿਰੋਧੀ ਐਕਸ਼ਨ ਕਮੇਟੀ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਉਨਾਂ ਦਾ ਸਵਾਗਤ ਕੀਤਾ ਗਿਆ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ, ਡੀ.ਟੀ.ਐਫ ਦੇ ਬਲਵੀਰ ਚੰਦ ਲੌਂਗੋਵਾਲ, ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ, ਨੌਜਵਾਨ ਭਾਰਤ ਸਭਾ ਪੰਜਾਬ ਪ੍ਰਗਟ ਕਾਲਾਝਾੜ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।ਇਸ ਉਪਰੰਤ ਪੂਰੇ ਜੋਸ਼ੋ ਖਰੋਸ਼ ਦੇ ਨਾਲ ਪਿੰਡ ਮੀਮਸਾ ਦੇ ਲੋਕਾਂ ਵਲੋਂ ਪਿੰਡ ਵਿੱਚ ਪਰਮਜੀਤ ਕੌਰ ਦਾ ਸਵਾਗਤ ਕਰਦਿਆਂ ਪਿੰਡ ਵਿੱਚ ਰੈਲੀ ਕੀਤੀ ਗਈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਦਲਿਤ-ਮਜ਼ਦੂਰਾਂ ਦਾ ਸੰਘਰਸ਼ ਹਾਕਮਾਂ ਦੀ ਅੱਖ ਵਿੱਚ ਰੜਕਦਾ ਹੈ।ਸਦੀਆਂ ਤੋਂ ਦਬਾਏ ਲੋਕ ਅੱਜ ਆਪਣੇ ਹੱਕਾਂ ਲਈ ਉੱਠ ਖੜ੍ਹੇ ਹਨ , ਜਿਸ ਦੀ ਵਜ੍ਹਾ ਕਰਕੇ ਸਮੇਂ ਦੀ ਹਕੂਮਤ ਲੋਕਾਂ ਦੇ ਨੁਮਾਇੰਦਿਆਂ ਨੂੰ ਦਬਾਉਣਾ ਚਾਹੁੰਦੀ ਹੈ।ਝੂਠੇ ਪਰਚੇ ਪਾ ਕੇ ਜੇਲੀ ਡੱਕਣਾ ਇਸ ਹਕੂਮਤ ਦੀ ਪੁਰਾਣੀ ਆਦਤ ਹੈ।
ਪਰਮਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਸੰਘਰਸ਼ ਨੂੰ ਹੋਰ ਪ੍ਰਚੰਡ ਕੀਤਾ ਜਾਵੇਗਾ ਅਤੇ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੇ ਸੰਘਰਸ਼ ਨੂੰ ਲੋਕ ਤਾਕਤ ਦੁਆਰਾ ਜਿੱਤ ਤੱਕ ਪਹੁੰਚਾਇਆ ਜਾਵੇਗਾ।`ਹੱਕਾਂ ਦੇ ਲਈ ਲੜਦੇ ਲੋਕ ਜੇਲ੍ਹਾਂ ਤੋਂ ਨਹੀਂ ਡਰਦੇ ਲੋਕ` ਅਤੇ `ਪੁਲਿਸ ਸਿਆਸੀ ਗੁੰਡਾ ਗਠਜੋੜ ਮੁਰਦਾਬਾਦ` ਦੇ ਜ਼ੋਰਦਾਰ ਨਾਅਰਿਆਂ ਨਾਲ ਰੈਲੀ ਦੀ ਸਮਾਪਤੀ ਕੀਤੀ ਗਈ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply