ਭੀਖੀ, 29 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮਾਨਸਾ ਦੀ ਅੱਜ ਹੋਈ ਪਲੇਠੀ ਮੀਟਿੰਗ `ਚ ਕਾਂਗਰਸੀਆਂ ਨੇ ਜਿੱਥੇ ਸੁਣਵਾਈ ਨਾ ਹੋਣ ਦੇ ਦੁਖੜੇ ਰੋਏ ਉਥੇ ਹੋਰਨਾਂ ਰਾਜਸੀ ਪਾਰਟੀ ਦੇ ਨੁਮਾਇੰਦਿਆਂ ਨੇ ਨਸ਼ਿ਼ਆਂ ਦੇ ਮੁੱਦੇ ਨੂੰ ਵੀ ਉਭਾਰਿਆ।ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ `ਚ ਮਾਲ ਵਿਭਾਗ `ਚ ਫੈਲੇ ਭ੍ਰਿਸ਼ਟਾਚਾਰ ਦੀ ਵੀ ਖੂਬ ਚਰਚਾ ਹੋਈ।ਕਾਂਗਰਸ ਪਾਰਟੀ ਦੀ ਜਿਲ੍ਹਾ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ ਨੇ ਸ਼ਹਿਰ ਦੇ ਕਈ ਮੁੱਦਿਆਂ ਨੂੰ ਚੁੱਕਿਆ।ਉਨ੍ਹਾਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੀਆਂ ਖ਼ਾਲੀ ਅਸਾਮੀਆਂ ਤੇ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ।
ਮਾਨਸਾ ਸ਼਼ਹਿਰ ਦੇ ਵਿਕਾਸ ਅਤੇ ਕਈ ਹੋਰ ਮਾਮਲਿਆਂ ਨੂੰ ਲੈ ਕੇ ਡਾ. ਬਾਲਾ ਤੇ ਨਗਰ ਕੌਾਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਵਿਚਕਾਰ ਕਾਫ਼ੀ ਨੋਕ ਝੋਕ ਵੀ ਹੋਈ।ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਮਾਨਸਾ ਸ਼ਹਿਰ ਦੀ ਸੀਵਰੇਜ ਪ੍ਰਣਾਲੀ, ਛੱਪੜਾਂ ਦੀ ਸਫ਼ਾਈ ਦੇ ਮੁੱਦੇ ਨੂੰ ਵਿਸ਼ੇਸ਼ ਤੌਰ `ਤੇ ਉਭਾਰਿਆ। ਉਨ੍ਹਾਂ ਨਗਰ ਕੌਂਸਲਾਂ ਵਲੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੇਣ ਸਬੰਧੀ ਪਾਰਦਰਸ਼ਤਾ ਲਿਆਉਣ `ਤੇ ਜ਼ੋਰ ਦਿੱਤਾ ਅਤੇ ਅਸ਼ਟਾਮ ਫਰੋਸ਼ਾਂ ਨੂੰ 20 ਹਜ਼ਾਰ ਤੋਂ ਵੱਧ ਅਸ਼ਟਾਮ ਦੇਣ ਲਈ ਵੀ ਕਿਹਾ। ਸਾਬਕਾ ਡਿਪਟੀ ਸਪੀਕਰ ਜਥੇਦਾਰ ਜਸਵੰਤ ਸਿੰਘ ਫਫੜੇ ਨੇ ਭੀਖੀ ਦੇ ਇਕ ਨਿੱਜੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਵਾਦ ਵਿਵਾਦ ਸਬੰਧੀ ਚਰਚਾ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ।
ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਦੌਰਾਨ ਮਾਨਸਾ ਵਿਖੇ ਇੰਜੀਨੀਅਰ ਕਾਲਜ ਤੇ ਪਰਲਜ਼ ਕੰਪਨੀ ਲਈ ਅਕਵਾਇਰ ਕੀਤੀ ਜ਼ਮੀਨ ਦੀ ਮਾਲਕੀ, ਮੁਆਵਜ਼ੇ ਅਤੇ ਮੁੜ ਕਿਸੇ ਡੇਰੇਦਾਰ ਨੂੰ ਦੇਣ ਦੀ ਜਾਂਚ ਕਰਵਾਉਣ ਲਈ ਵੀ ਕਿਹਾ ।ਮਿਹਰ ਸਿੰਘ ਖੰਨਾ ਤੇ ਕਈ ਹੋਰ ਵਿਅਕਤੀਆਂ ਨੇ ਤਹਿਸੀਲਦਾਰਾਂ ਵਲੋਂ ਰਜਿਸਟਰੀਆਂ ਦਫ਼ਤਰੀ ਸਮੇਂ ਤੋਂ ਬਾਅਦ ਕਰਨ ਅਤੇ ਫੈਲੇ ਭ੍ਰਿਸ਼ਟਾਚਾਰ ਦੀ ਚਰਚਾ ਕੀਤੀ।ਸੀ.ਪੀ.ਆਈ (ਐਮ) ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਉਡਤ ਨੇ ਸਰਦੂਲਗੜ੍ਹ ਇਲਾਕੇ `ਚ ਪਿਛਲੇ ਦਿਨਾਂ `ਚ ਚਿੱਟੇ ਨਾਲ ਹੋਈਆਂ 3 ਮੌਤਾਂ ਦੀ ਗੱਲ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਨੇ ਰਾਜਨੀਤਿਕ ਲੋਕਾਂ ਦੇ ਗੱਠਜੋੜ ਕਾਰਨ ਨਸ਼ਿਆਂ ਦਾ ਬੋਲਬਾਲਾ ਵਧ ਰਿਹਾ ਹੈ ।
ਕੈਬਨਿਟ ਮੰਤਰੀ ਸ. ਕਾਂਗੜ ਨੇ ਸਪਸ਼ਟ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਦਿ੍ੜ੍ਹਤਾ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਇਹ ਧਿਆਨ `ਚ ਆਉਂਦਾ ਹੈ ਕਿ ਨਸ਼ਿਆਂ ਸਬੰਧੀ ਕੋਈ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਕੋਤਾਹੀ ਵਰਤਦਾ ਹੈ, ਨੂੰ ਤੁਰੰਤ ਧਿਆਨ `ਚ ਲਿਆਂਦਾ ਜਾਵੇ।
ਡਿਪਟੀ ਕਮਿਸ਼਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਜਿਲ੍ਹੇ `ਚ ਚਲਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ ਬਾਰੇ ਦੱਸਿਆ।ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਨੇ ਕਿਹਾ ਕਿ ਜਿਲ੍ਹਾ ਪੁਲਿਸ ਨਸ਼ਿਆਂ ਦੇ ਖ਼ਾਤਮੇ ਨਾਲ ਹੀ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਵਚਨਵਬੱਧ ਹੈ।
ਮੀਟਿੰਗ ਉਪਰੰਤ ਮੰਤਰੀ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਵਾਟਰ ਵਰਕਸ ਰੋਡ `ਤੇ ਸਥਿਤ ਉਸਾਰੀ ਅਧੀਨ ਪਾਰਕ ਦਾ ਵੀ ਨਿਰੀਖਣ ਕੀਤਾ।ਇਸ ਮੌਕੇ ਵਿਭਾਗਾਂ ਦੇ ਮੁੱਖ ਅਫ਼ਸਰਾਂ ਤੋਂ ਇਲਾਵਾ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਕਾਂਗਰਸੀ ਆਗੂ ਰਣਜੀਤ ਕੌਰ ਭੱਟੀ, ਬਲਵਿੰਦਰ ਨਾਰੰਗ, ਪ੍ਰਿਤਪਾਲ ਸਿੰਘ ਡਾਲੀ, ਸ਼਼ੋ੍ਰਮਣੀ ਅਕਾਲੀ ਦਲ ਸ਼ਹਿਰੀ ਜਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸਤੀਸ਼ ਕੁਮਾਰ ਅਰੋੜਾ, ਸੀ.ਪੀ.ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਬਸਪਾ ਦੇ ਆਤਮਾ ਸਿੰਘ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਗੋਰਾ ਲਾਲ ਬਾਜੇਵਾਲਾ, ਯੂਥ ਕਾਂਗਰਸੀ ਆਗੂ ਅਰਸ਼ਦੀਪ ਸਿੰਘ ਗਾਗੋਵਾਲ, ਮਲਕੀਤ ਸਿੰਘ ਸਮਾਉਂ ਆਦਿ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media