Saturday, April 18, 2026

ਸਾਹਿਤਕਾਰਾਂ ਵਲੋਂ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਸੰਗ ਜੋੜਨ ਲਈ ਪ੍ਰੇਰਿਤ ਕੀਤਾ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬੀ ਦੇ ਮਹਾਨ ਨਾਵਲਕਾਰ ਸ੍ਰੀ ਜਸਵੰਤ ਸਿੰਘ ਕੰਵਲ ਦੇ 101ਵੇਂ ਵਰ੍ਹੇ ਵਿਚ PUNJ2906201909ਪ੍ਰਵੇਸ਼ ਕਰਨ ’ਤੇ ਅੱਜ ਇਥੇ ਸਾਹਿਤਕਾਰਾਂ ਨੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਅਹਿਦ ਕੀਤਾ ਕਿ ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਕੰਵਲ ਦੇ ਨਾਵਲ ਅਜੋਕੀ ਨੌਜੁਆਨ ਪੀੜ੍ਹੀ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਗੇ।
          ਇਹ ਸਾਹਿਤਕ ਸਮਾਗਮ ਕਾਮਰੇਡ ਸੋਹਣ ਸਿੰਘ ਜੋਸ਼ ਲਾਇਬਰੇਰੀ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਸਾਹਿਤ ਚਿੰਤਕ ਮੰਚ ਵਲੋਂ ਕਰਵਾਇਆ ਗਿਆ।
          ਇਸ ਮੌਕੇ ਲਾਇਬਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ ਦੀ ਪਹਿਲ ਕਦਮੀ ਨਾਲ ਕੰਵਲ ਦੇ ਸਮੁੱਚੇ ਨਾਵਲਾਂ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਉਨ੍ਹਾਂ ਨੇ ਲੇਖਕਾਂ ਨੂੰ `ਜੀ ਆਇਆਂ` ਵੀ ਕਿਹਾ।
          ਪ੍ਰੋਫੈਸਰ ਹੀਰਾ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਵਿਚ ਕੰਵਲ ਵਰਗੀ ਸਾਹਿਤਕ ਸ਼ਖਸੀਅਤ ਅਹਿਮ ਸਥਾਨ ਰੱਖਦੀ ਹੈ।ਉਨ੍ਹਾਂ ਕਿਹਾ ਕਿ ਕੰਵਲ ਦੀਆਂ ਲਿਖਤਾਂ ਸਮਾਜਿਕ ਤਬਦੀਲੀ ਦੇ ਹੱਕ ਵਿਚ ਖਲੋਂਦੀਆਂ ਹਨ।
          ਕੇਂਦਰੀ ਸਭਾ ਦੇ ਮੀਤ ਪ੍ਰਧਾਨ ਸ੍ਰੀ ਦੀਪ ਦਵਿੰਦਰ ਸਿੰਘ ਨੇ ਕੰਵਲ ਦੇ ਨਾਵਲ ‘ਹੁਨਰ ਦੀ ਜਿੱਤ’ ਅਤੇ ‘ਰਾਤ ਬਾਕੀ ਹੈ’ ਨੂੰ ਆਧਾਰ ਬਣਾ ਕੇ ਕਿਹਾ ਕਿ ਕੰਵਲ ਹਮੇਸ਼ਾਂ ਛੋਟੀ ਕਿਸਾਨੀ ਅਤੇ ਆਰਥਿਕ ਥੁੜ੍ਹਾਂ ਮਾਰੇ ਲੋਕਾਂ ਦੀ ਗੱਲ ਕਰਦਿਆਂ ਉਨ੍ਹਾਂ ਨੂੰ ਹੱਕ-ਸੱਚ ਲਈ ਸੰਘਰਸ਼ ਕਰਨ ਲਈ ਪ੍ਰੇਰਦਾ ਹੈ।
ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਕੰਵਲ ਦੀ ਸਮੁੱਚੀ ਗਲਪ ਰਚਨਾ ਨੂੰ ਅਜੋਕੀ ਨੌਜੁਆਨ ਪੀੜ੍ਹੀ ਲਈ ਮੁੱਢ ਤੋਂ ਸਮਝਣ ਅਤੇ ਅਰਥ ਤਲਾਸ਼ਣ ਦੀ ਲੋੜ ਹੈ।
          ਸ਼ਾਇਰ ਦੇਵ ਦਰਦ ਅਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਕੰਵਲ ਕੋਲ ਨਿਰੋਲ ਪੰਜਾਬੀ ਭਾਸ਼ਾ ਹੋਣ ਕਰਕੇ ਹੀ ਉਸ ਕੋਲ ਪਾਠਕ ਵਰਗ ਦਾ ਵਿਸ਼ਾਲ ਘੇਰਾ ਹੈ।
          ਸ੍ਰੀ ਸੁਮੀਤ ਸਿੰਘ ਤੇ ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਕੰਵਲ ਜਿਥੇ ਰੁਮਾਂਸਵਾਦੀ ਬਿਰਤਾਂਤਕਾਰੀ ਕਰਦਾ ਹੈ, ਉਸ ਦੇ ਨਾਲ-ਨਾਲ ਲੋਕ ਲਹਿਰਾਂ ਦਾ ਵੀ ਬਾਖੂਬੀ ਚਿਤਰਨ ਕਰਦਾ ਹੈ।
          ਜਸਬੀਰ ਝਬਾਲ, ਕੈਪਟਨ ਰਵੇਲ ਸਿੰਘ ਅਤੇ ਕੁਲਦੀਪ ਦਰਾਜਕੇ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਰਾਜ ਖੁਸ਼ਵੰਤ ਸਿੰਘ ਸੰਧੂ, ਤਰਲੋਚਨ ਤਰਨਤਾਰਨ, ਸੁਖਵਿੰਦਰ ਸਿੰਘ ਨਰੂਲਾ, ਹਰਮੀਤ ਆਰਟਿਸਟ, ਡਾ. ਕਸ਼ਮੀਰ ਸਿੰਘ, ਜਗਤਾਰ ਗਿੱਲ, ਬਲਜਿੰਦਰ ਮਾਂਗਟ, ਰਵੀ, ਪਿ੍ਰੰਸੀਪਲ ਜਗਤਾਰ ਸਿੰਘ ਆਦਿ ਵੀ ਮੌਜੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply