ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਵਿਦਿਆਰਥਣ ਅੰਸ਼ੂ ਨੇ ਭਾਰਤ ਦੀ ਤੀਰਅੰਦਾਜ਼ੀ
ਦੀ ਟੀਮ ’ਚ ਆਪਣਾ ਨਾਮ ਦਰਜ ਕਰਵਾ ਕੇ ਸਤੰਬਰ ’ਚ ਹੋਣ ਵਾਲੇ ਏਸ਼ੀਆ ਕੱਪ ’ਚ ਸਥਾਨ ਹਾਸਲ ਕੀਤਾ ਹੈ।ਇਹ ਅੰਤਰਰਾਸ਼ਟਰੀ ਮੁਕਾਬਲਾ 3 ਦੇਸ਼ਾਂ ਜਿਨ੍ਹਾਂ ’ਚ ਚੀਨ, ਤਾਇਵਾਨ ਅਤੇ ਫ਼ਿਲਪਿਨਸ ਸ਼ਾਮਿਲ ਹਨ, ਵਿਖੇ ਆਯੋਜਿਤ ਜਾਵੇਗਾ। ਅੰਸ਼ੂ ਨੇ ਉਕਤ ਸਥਾਨ ਰੋਹਤਕ ਵਿਖੇ 15 ਜੂਨ ਤੋਂ 21 ਜੂਨ ਸਮਾਪਤ ਹੋਏ ਕੈਂਪ ਵਿਖੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਹਾਸਲ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਖਿਡਾਰਣ ਦੀ ਚੋਣ ਹੋਣ ’ਤੇ ਆਪਣੇ ਦਫ਼ਤਰ ਵਿਖੇ ਮੂੰਹ ਮਿੱਠਾ ਕਰਵਾਉਂਦੇ ਹੋਏ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅੰਸ਼ੂ ਬੀ.ਏ ਸਮੈਸਟਰ 6ਵੇਂ ਦੀ ਹੋਣਹਾਰ ਵਿਦਿਆਰਥਣ ਹੈ। ਉਨ੍ਹਾਂ ਕਿਹਾ ਕਿ ਉਕਤ ਕੈਂਪ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ 16 ਖਿਡਾਰਣਾਂ ਟਰਾਇਲ ਲਈ ਪਹੁੰਚੀਆਂ ਸਨ, ਜਿਸ ’ਚ ਅੰਸ਼ੂ ਦੀ ਕਾਰਗੁਜ਼ਾਰੀ ਕਾਬਿਲੇ ਤਾਰੀਫ਼ ਹੈ।ਕਾਲਜ ਦੇ ਡਾ. ਦਲਜੀਤ ਸਿੰਘ ਮੁਖੀ ਸਰੀਰਿਕ ਸਿੱਖਿਆ ਵਿਭਾਗ ਨੇ ਕਿਹਾ ਕਿ ਅੰਸ਼ੂ ਇਕ ਉਘੀ ਤੀਰ ਅੰਦਾਜ਼ੀ ਦੀ ਖਿਡਾਰਣ ਹੈ, ਜਿਸ ਨੇ ਪਿਛਲੇ ਸਮੇਂ ’ਚ ਸੂਬਾ ਪੱਧਰ, ਅੰਤਰ ਯੂਨੀਵਰਸਿਟੀ ਅਤੇ ਰਾਸ਼ਟਰੀ ਪੱਧਰ ’ਤੇ ਬਹੁਤ ਸਾਰੇ ਖਿਤਾਬ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਸੁੱਖ-ਸਹੂਲਤਾਂ ਅਤੇ ਉਨ੍ਹਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਸਦਕਾ ਅੱਜ ਹਰੇਕ ਖੇਤਰ ’ਚ ਵਿਦਿਆਰਥੀ ਨਾਮਣਾ ਖੱਟ ਕੇ ਕਾਲਜ ਦਾ ਨਾਮ ਰੌਸ਼ਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਚੁਣੇ ਗਏ ਉਕਤ ਖਿਡਾਰੀਆਂ ਦੀ ਟੀਮ ਫ਼ੁਲਬਾਗ ਕੌਰ ਅਤੇ ਰਛਪਾਲ ਸਿੰਘ ਕੋਚ ਦੀ ਅਗਵਾਈ ਹੇਠ 30 ਜੁਲਾਈ ਨੂੰ ਰਵਾਨਾ ਹੋਵੇਗੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media