ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਟੈਲੀਕਾਮ ਅਧਿਕਾਰੀ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਸਖਤ ਹਦਾਇਤਾਂ
ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਸੂਚਨਾਂ ਕੇਂਦਰ ਵਿਖੇ ਬੀਤੀ ਦੇਰ ਰਾਤ ਆਏ ਕੁੱਝ ਫਿਲਮੀ ਕਲਾਕਾਰਾਂ ਦੀ ਆਮਦ ਮੌਕੇ ਮੱਚੇ ਹੁੜਦੰਗ ਨੇ ਜਿਥੇ ਕਮੇਟੀ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ, ਉਥੇ ਇਹ ਵੀ ਸਿੱਧ ਹੋ ਗਿਆ ਕਿ ਕਮੇਟੀ ਦਾ ਪ੍ਰਬੰਧ ਹੁਣ ਨਿੱਜੀ ਹੱਥਾਂ ਵਿਚ ਹੈ।ਜਾਣਕਾਰੀ ਮੁਤਾਬਿਕ ਬੀਤੀ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਫਿਲਮੀ ਸਿਤਾਰੇ ਸੋਨਮ ਕਪੂਰ ਤੇ ਫਰਹੀਦ ਖਾਨ ਪੁੱਜੇ ਹੋਏ ਸਨ।ਇਨ੍ਹਾਂ ਦੀ ਆਓ ਭਗਤ ਲਈ ਇਕ ਨਿਜੀ ਟੈਲੀਕਾਮ ਦਾ ਇਕ ਕਰਮਚਾਰੀ ਸਰਬਜੀਤ ਸਿੰਘ ਪੱਬਾ ਭਾਰ ਹੋਇਆ ਸੀ। ਉਕਤ ਕਰਮਚਾਰੀ ਦੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਡਿਉਟੀ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਕੋਲੋ ਟੈਲੀਫੂਨਾਂ ਦੇ ਬਿਲ ਲੈਣ ਦੀ ਹੈ, ਪਰ ਉਕਤ ਨੇ ਆਪਣੇ ਕਾਰਜ ਖੇਤਰ ਵਿਚ ਵਾਧਾ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆੳਣ ਵਾਲੇ ਅਦਾਕਾਰਾਂ ਨੂੰ ਦਰਸ਼ਨ ਕਰਵਾਉਣ ਦਾ ਕੰਮ ਵੀ ਆਪਣੇ ਜਿੰਮੇ ਲੈ ਲਿਆ ਹੈ। ਉਕਤ ਕਰਮਚਾਰੀ ਦੀ ਹਿੰਮਤ ਇੰਨੀ ਵਧ ਚੁੱਕੀ ਹੈ ਕਿ ਉਸ ਨੇ ਬੀਤੀ ਰਾਤ ਆਉਦੇ ਸਾਰ ਹੀ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਪਹਿਲਾਂ ਤੋ ਮੌਜੂਦ ਪਟਿਆਲਾ ਤੋ ਛੱਪਦੀ ਇਕ ਪੰਜਾਬੀ ਅਖਬਾਰ ਦੇ ਪ੍ਰੈਸ ਫੋਟੋ ਗ੍ਰਾਫਰ ਨੂੰ ਗਾਲਾਂ ਕੱਢਦਿਆਂ ਉਸ ‘ਤੇ ਆਪਣਾ ਨਜ਼ਲਾ ਝਾੜ ਦਿੱਤਾ।ਫਿਰ ਸੂਚਨਾ ਕੇਂਦਰ ਵਿਚ ਮੌਜੂਦ ਸਹਿ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਨਾਲ ਗਰਮੀ ਖਾ ਕੇ ਫਿਲਮੀ ਕਲਾਕਾਰਾਂ ਨੂੰ ਦੱਸ ਦਿੱਤਾ ਕਿ ਕਲਾਕਾਰ ਸਿਰਫ ਪਰਦੇ ‘ਤੇ ਹੀ ਸਟੰਟ ਕਰ ਸਕਦੇ ਹਨ ।ਪਰ ਉਹ ਹਰ ਵੇਲੇ ਸਟੰਟ ਕਰਨ ਲਈ ਤਿਆਰ ਹੈ। ਅੱਜ ਇਸ ਸੰਬਧੀ ਪੱਤਰਕਾਰਾਂ ਦਾ ਇਕ ਵਫਦ ਪ੍ਰਧਾਨ ਸ਼੍ਰੋਮਣੀ ਕਮੇਟੀ ਸz. ਅਵਤਾਰ ਸਿੰਘ ਮੱਕੜ ਨੂੰ ਮਿਲਿਆ ਤੇ ਆਪ ਬੀਤੀ ਦੀ ਜਾਣਕਾਰੀ ਦਿੱਤੀ।ਇਸ ਮਾਮਲੇ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਕਤ ਟੈਲੀਕਾਮ ਅਧਿਕਾਰੀ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਲਈ ਕਮੇਟੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।