ਕਮਲ ਕਿਸ਼ੋਰ ਯਾਦਵ ਅਤੇ ਪ੍ਰਗਟ ਸਿੰਘ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ
ਜਲੰਧਰ, 18 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ)- ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿਖੇ ਵਿਸ਼ਵ ਕਬੱਡੀ ਲੀਗ ਦੇ 19, 20 ਅਤੇ 21 ਸਤੰਬਰ ਨੂੰ ਹੋਣ ਵਾਲੇ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਵਿਸ਼ਵ ਕਬੱਡੀ ਲੀਗ ਦੇ ਕਮਿਸ਼ਨਰ ਸ. ਪ੍ਰਗਟ ਸਿੰਘ ਨੇ ਅੱਜ ਸਟੇਡੀਅਮ ਵਿਖੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਸਾਫ਼-ਸਫਾਈ, ਸਿਟਿੰਗ ਪਲਾਨ, ਪੀਣ ਵਾਲੇ ਪਾਣੀ, ਡੈਕੋਰੇਸ਼ਨ, ਫਲੱਡ ਲਾਈਟਾਂ, ਖਿਡਾਰੀਆਂ ਦੇ ਠਹਿਰਾਅ, ਬਿਜਲੀ ਸਪਲਾਈ, ਪਾਰਕਿੰਗ, ਮੈਡੀਕਲ ਸਹੂਲਤਾਂ, ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀਆਂ ਡਿਊਟੀਆਂ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਦੱਸਿਆ ਕਿ ਇਸ ਮੌਕੇ ਦਰਸ਼ਕਾਂ ਅਤੇ ਆਮ ਜਨਤਾ ਦੀ ਸਹੂਲਤ ਲਈ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਨ੍ਹਾਂ ਮੁਕਾਬਲਿਆਂ ਦਾ ਆਨੰਦ ਮਾਨਣ ਤਾਂ ਜੋ ਮਾਂ ਖੇਡ ਕਬੱਡੀ ਨੂੰ ਹੋਰ ਉਚਾਈਆਂ ‘ਤੇ ਪਹੁੰਚਾਇਆ ਜਾ ਸਕੇ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਪ੍ਰੀਤਮ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ, ਏ. ਡੀ. ਸੀ. ਪੀ ਸ੍ਰੀ ਗੁਰਦੀਪ ਸਿੰਘ, ਡੀ. ਪੀ. ਆਰ. ਓ ਸ੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਾਕੇਸ਼ ਕੌਸ਼ਲ, ਤਹਿਸੀਲਦਾਰ ਸ੍ਰੀ ਗੁਰਸ਼ਰਨ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ ਵਿਸ਼ਵ ਕਬੱਡੀ ਲੀਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਅਤੇ ਲੀਗ ਦੇ ਕਮਿਸ਼ਨਰ ਸ੍ਰੀ ਪ੍ਰਗਟ ਸਿੰਘ।